ਬਹਿਰਾਮ, 1 ਜੂਨ (ਸਰਬਜੀਤ ਸਿੰਘ ਰਾਣਾ) - ਬੰਗਾ ਬਲਾਕ ਦੇ ਪਿੰਡ ਕੱਟ ਵਿਖੇ ਐਨ. ਆਰ. ਆਈ ਵੀਰਾਂ, ਸਮੂਹ ਨਗਰ ਨਿਵਾਸੀਆਂ, ਸੱਜਣਾਂ ਅਤੇ ਮਿੱਤਰਾਂ ਦੇ ਸਹਿਯੋਗ ਨਾਲ ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 6ਵਾਂ ਸ਼ਾਨਦਾਰ ਕਬੱਡੀ ਕੱਪ ਟੂਰਨਾਮੈਂਟ 2 ਜੂਨ ਦਿਨ ਸੋਮਵਾਰ ਨੂੰ ਕਰਵਾਇਆ ਜਾਵੇਗਾ | ਇਸ ਸਬੰਧੀ ਪ੍ਰਬੰਧਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵਰਗੀਆਂ ਭੈੜੀਆਂ ਅਲਾਮਤਾਂ ਤੋਂ ਬਚਾਉਣ ਲਈ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਬਹੁਤ ਜ਼ਰੂਰੀ ਹੈ ਅਤੇ ਇਸ ਉਪਰਾਲੇ ਲਈ ਐਨ. ਆਰ. ਆਈ ਵੀਰ ਬਹੁਤ ਵੱਡਾ ਯੋਗਦਾਨ ਪਾ ਰਹੇ ਹਨ | ਉਨ੍ਹਾਂ ਦੱਸਿਆ ਕਿ ਓਪਨ ਦੀਆਂ ਚਾਰ ਅੰਤਰਰਾਸ਼ਟਰੀ ਕਲੱਬਾਂ ਦੀਆਂ ਟੀਮਾਂ ਵਿਚਕਾਰ ਬਹੁਤ ਹੀ ਫਸਵੇਂ ਮੁਕਾਬਲੇ ਕਰਵਾਏ ਜਾਣਗੇ | ਮੈਚ ਸ਼ਾਮ ਨੂੰ ਪੰਜ ਵਜੇ ਸ਼ੁਰੂ ਕਰਵਾਏ ਜਾਣਗੇ | ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ ਪੰਜ਼ਾਹ ਹਜ਼ਾਰ ਰੁਪਏ ਨਕਦ ਤੇ ਟਰਾਫੀ ਅਤੇ ਦੂਜੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ ਚਾਲੀ ਹਜ਼ਾਰ ਰੁਪਏ ਨਕਦ ਤੇ ਟਰਾਫੀ ਨਾਲ ਸਨਮਾਨਿਤ ਕੀਤਾ ਜਾਵੇਗਾ | ਬੈਸਟ ਜਾਫੀ ਅਤੇ ਰੇਡਰ ਨੂੰ ਐਲ. ਈ. ਡੀ ਨਾਲ ਸਨਮਾਨਿਤ ਕੀਤਾ ਜਾਵੇਗਾ | ਛੋਟੇ ਬੱਚਿਆਂ ਅਤੇ ਪੰਜਾਹ ਸਾਲਾ ਵਰਗ ਦੇ ਸ਼ੋਅ ਮੈਚ ਵੀ ਕਰਵਾਏ ਜਾਣਗੇ | ਦਰਸ਼ਕਾਂ ਲਈ ਲੱਕੀ ਡਰਾਅ ਰਾਹੀਂ ਫਰਾਟੇ ਪੱਖੇ ਕੱਢੇ ਜਾਣਗੇ |