ਕਾਠਗੜ੍ਹ, 21 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਪੰਜਾਬ ਸਰਕਾਰ ਵਲੋਂ ਝੋਨੇ ਦੀ ਖ਼ਰੀਦ ਸ਼ੁਰੂ ਕਰਨ ਲਈ ਰਸਮੀ ਤੌਰ 'ਤੇ 15 ਸਤੰਬਰ ਐਲਾਨ ਕੀਤੀ ਗਈ ਸੀ ਤਾਂ ਕਿ ਮੰਡੀਆਂ 'ਚ ਪ੍ਰਬੰਧ ਪੂਰੀ ਤਰ੍ਹਾਂ ਨਾਲ ਮੁਕੰਮਲ ਹੋ ਜਾਣ, ਪਰ ਜਦੋਂ ਕਾਠਗੜ੍ਹ ਮੰਡੀ ਦਾ ਦੌਰਾ ਅਚਾਨਕ ਕੀਤਾ, ਉੱਥੇ ਜ਼ਮੀਨੀ ਹਕੀਕਤ ਦੇਖ ਹੋਸ਼ ਉੱਡ ਗਏ | ਮੰਡੀ ਦੇ ਪ੍ਰਬੰਧ ਸਿਰਫ਼ ਜ਼ੀਰੋ ਹੀ ਸੀ, ਪੰਜਾਬ ਸਰਕਾਰ ਵਲੋਂ ਐਲਾਨੀ ਤਰੀਕ ਦਾ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ ਸੀ | ਅਨਾਜ ਮੰਡੀ ਵਿਚ ਬੇਸਹਾਰਾ ਪਸ਼ੂਆਂ ਨੇ ਆਪਣਾ ਡੇਰਾ ਜਮਾਇਆ ਹੋਇਆ ਹੈ, ਵੱਡੇ ਪੱਧਰ 'ਤੇ ਗੰਦਗੀ ਤੇ ਗੋਹੇ ਦੀਆਂ ਢੇਰੀਆਂ, ਘਾਹ-ਫੂਸ, ਬੂਟੀ ਨੇ ਹਰ ਪਾਸੇ ਆਪਣੇ ਪੈਰ ਵਸਾਰੇ ਹਨ | ਸਰਕਾਰ ਦਾ ਹੁਕਮ ਸਿਰ ਮੱਥੇ ਪਰਨਾਲਾ ਉੱਥੇ ਦਾ ਉੱਥੇ ਵਾਲੀ ਕਹਾਵਤ ਕਾਠਗੜ੍ਹ ਦੀ ਅਨਾਜ ਮੰਡੀ 'ਤੇ ਪੂਰੀ ਤਰ੍ਹਾਂ ਨਾਲ ਢੁਕਵੀਂ ਹੈ, ਜਿਸ ਨੂੰ ਆਪ ਹੀ ਦੇਖ ਸਕਦੇ ਹੋ | ਮਾਰਕੀਟ ਕਮੇਟੀ ਵਲੋਂ ਕਿਸਾਨਾਂ ਲਈ ਬਣਾਏ ਸੈਂਡ ਵਿਚ ਆਸ-ਪਾਸ ਦੇ ਪਿੰਡਾਂ ਵਿਚ ਸਾਮਾਨ ਵੇਚਣ ਵਾਲਿਆਂ ਦਾ ਆਰਾਮ ਸਥਾਨ ਬਣਿਆਂ ਹੋਇਆ ਹੈ | ਪਰ ਮਾਰਕੀਟ ਕਮੇਟੀ ਬਲਾਚੌਰ ਤੇ ਸਰਕਾਰ ਵਲੋਂ ਜਾਰੀ ਆਦੇਸ਼ਾਂ ਦਾ ਕੋਈ ਅਸਰ ਨਹੀਂ ਦਿਸਿਆ, ਜਿਸ ਤੋਂ ਜਾਪਦਾ ਹੈ ਕਿ ਮਾਰਕੀਟ ਕਮੇਟੀ ਦੇ ਅਧਿਕਾਰੀ ਇਸ ਚੀਜ਼ ਤੋਂ ਜਾਣੂੰ ਨਹੀਂ ਹਨ ਕਿ ਝੋਨੇ ਦਾ ਸੀਜ਼ਨ ਸਿਰ 'ਤੇ ਹੈ | ਆੜ੍ਹਤੀਆਂ ਦੀਆਂ ਇਕ-ਦੋ ਦੀਆਂ ਦੁਕਾਨਾਂ ਹੀ ਖੁਲ੍ਹੀਆ ਸੀ ਤੇ ਆੜ੍ਹਤੀਆਂ ਦੇ ਮੁਨੀਮ ਮੌਕੇ 'ਤੇ ਮੌਜੂਦ ਸਨ | ਪੰਜਾਬ ਵਿਚ ਮੌਸਮ ਦੇ ਬਦਲੇ ਮਿਜ਼ਾਜ ਨੂੰ ਦੇਖਦੇ ਹੋਏ ਬੇਸ਼ੱਕ ਅਜੇ ਝੋਨੇ ਦੀ ਫ਼ਸਲ ਪੱਕ ਕੇ ਤਿਆਰ ਨਹੀਂ ਹੋਈ, ਪਰ ਪ੍ਰਸ਼ਾਸਨ ਤੇ ਵਿਭਾਗ ਵਲੋਂ ਝੋਨੇ ਦੀ ਆਮਦ ਨੂੰ ਲੈ ਕੇ ਕੋਈ ਪੁਖ਼ਤਾ ਪ੍ਰਬੰਧ ਨਹੀਂ ਕੀਤੇ ਗਏ | ਮੰਡੀ ਵਿਚ ਝੋਨੇ ਲੈ ਕੇ ਆਉਣ ਵਾਲੇ ਕਿਸਾਨਾਂ ਲਈ ਨਾ ਬਾਥਰੂਮਾਂ ਦਾ ਪਿਛਲੇ ਲੰਮੇ ਸਮੇਂ ਤੋਂ ਕੋਈ ਵੀ ਪ੍ਰਬੰਧ ਨਹੀਂ ਹੈ, ਜੇ ਪੀਣ ਵਾਲੇ ਪਾਣੀ ਦੀ ਗੱਲ ਕਰੀਏ ਤਾਂ ਉਹ ਪ੍ਰਬੰਧ ਕੋਈ ਖ਼ਾਸ ਨਹੀਂ, ਜਦ ਕਿ ਸੀਜ਼ਨ ਪੂਰੇ ਸਿਰ 'ਤੇ ਆ ਚੁੱਕਾ ਹੈ | ਬਲਾਚੌਰ ਮਾਰਕੀਟ ਕਮੇਟੀ ਦੇ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੀ ਪਏ ਹਨ | ਪੱਖ ਜਾਣਨ ਲਈ ਸੈਕਟਰੀ ਮਾਰਕੀਟ ਕਮੇਟੀ ਹਰਪ੍ਰੀਤ ਸਿੰਘ ਬਲਾਚੌਰ ਨੇ ਦੱਸਿਆ ਕਿ ਸਫ਼ਾਈ ਕਰਮਚਾਰੀ ਲਗਾ ਕੇ ਸਫ਼ਾਈ ਕਰਵਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਉਹ ਖ਼ੁਦ ਮੰਡੀ ਜਾ ਕੇ ਪ੍ਰਬੰਧਾਂ ਦਾ ਜਾਇਜ਼ਾ ਲੈਣਗੇ ਤੇ ਸਾਰੇ ਪ੍ਰਬੰਧ ਮੁਕੰਮਲ ਕਰਵਾਉਣਗੇ |