ਉੜਾਪੜ/ਲਸਾੜਾ, 21 ਸਤੰਬਰ (ਲਖਵੀਰ ਸਿੰਘ ਖੁਰਦ)-ਪਿਛਲੇ 10 ਦਿਨਾਂ ਤੋਂ ਬੁਰਜ ਟਹਿਲ ਦਾਸ ਦੇ ਟੁੱਟ ਚੁੱਕੇ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਕਿਲਾ ਅਨੰਦਗੜ੍ਹ ਸ੍ਰੀ ਅਨੰਦਪੁਰ ਸਾਹਿਬ ਦੇ ਮਹਾਂਪੁਰਸ਼ਾਂ ਵਲੋਂ ਕੀਤੀ ਜਾ ਰਹੀ ਕਾਰ ਸੇਵਾ ਦੀ ਸਮਾਪਤੀ ਕਰ ਦਿੱਤੀ ਗਈ | ਸਮਾਪਤੀ ਸਮਾਗਮ 'ਚ ਇਲਾਕੇ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਤੇ ਸੇਵਾਦਾਰ ਵੀਰਾਂ ਨੇ ਹਾਜ਼ਰੀ ਭਰੀ | ਪਿੰਡ ਬੁਰਜ ਟਹਿਲ ਦਾਸ ਦੀਆਂ ਸੰਗਤਾਂ ਵਲੋਂ ਸਤਲੁਜ ਦਰਿਆ ਦੇ ਬੰਨ੍ਹ 'ਤੇ ਦੇਗਾਂ ਤਿਆਰ ਕਰਕੇ ਲਿਆਂਦੀਆਂ ਗਈਆਂ ਅਤੇ ਬਾਬਾ ਸਤਨਾਮ ਸਿੰਘ ਕਿਲ੍ਹਾ ਅਨੰਦਗੜ੍ਹ ਸਾਹਿਬ ਅਤੇ ਬਾਬਾ ਨਛੱਤਰ ਸਿੰਘ ਅਲਾਚੌਰ ਵਾਲਿਆਂ ਵਲੋਂ ਗੁਰੂ ਮਹਾਰਾਜ ਦੇ ਚਰਨਾਂ ਵਿਚ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ ਗਈ | ਇਸ ਮੌਕੇ ਬਾਬਾ ਸਤਨਾਮ ਸਿੰਘ ਨੇ ਕਿਹਾ ਕਿ ਜਦੋਂ ਉਨ੍ਹਾਂ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਬੰਨ੍ਹ ਨੂੰ ਮਜ਼ਬੂਤ ਕਰਨ ਦੀ ਸੇਵਾ ਆਰੰਭੀ ਉਦੋਂ ਦਰਿਆ ਦੇ ਹਾਲਾਤ ਬਹੁਤ ਨਾਜ਼ੁਕ ਸਨ | ਪਾਣੀ ਦੇ ਤੇਜ਼ ਵਹਾਉ ਨਾਲ ਬੰਨ੍ਹ ਦੋ ਕਿਲਿਆਂ ਦੇ ਕਰੀਬ ਟੁੱਟ ਚੁੱਕਾ ਸੀ ਅਤੇ ਪਾਣੀ ਨਾਲ ਲਗਦੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਖੋਰਾ ਲਾ ਕੇ ਆਪਣੇ ਵਿਚ ਮਿਲਾਈ ਜਾ ਰਿਹਾ ਸੀ | ਭਾਖੜਾ ਡੈਮ ਤੋਂ ਹੋਰ ਜ਼ਿਆਦਾ ਪਾਣੀ ਛੱਡਣ ਦੀ ਸੂਰਤ 'ਚ ਪਾਣੀ ਨਾਲ ਲਗਦੇ ਪਿੰਡਾਂ ਵਿਚ ਵੀ ਤਬਾਹੀ ਮਚਾ ਸਕਦਾ ਸੀ | ਇਸ ਲਈ ਭਾਵੇਂ ਪ੍ਰਸ਼ਾਸਨ ਤੇ ਇਲਾਕੇ ਦੇ ਨੌਜਵਾਨਾਂ ਵਲੋਂ ਵੀ ਸਖ਼ਤ ਮਿਹਨਤ ਕੀਤੀ ਜਾ ਰਹੀ ਸੀ ਪਰ ਬੰਨ੍ਹ ਦੇ ਬਚਾਉ ਲਈ ਜਿੰਨੇ ਵੀ ਯਤਨ ਕੀਤੇ ਜਾ ਰਹੇ ਸਨ ਸਭ ਅਸਫਲ ਹੋ ਰਹੇ ਸਨ | ਉਨ੍ਹਾਂ ਕਿਹਾ ਕਿ ਵਾਹਿਗੁਰੂ ਦੀ ਕਿਰਪਾ ਨਾਲ ਹੁਣ ਖ਼ਤਰਾ ਟੱਲ ਗਿਆ ਹੈ ਤੇ ਆਰਜ਼ੀ ਬੰਨ੍ਹ ਵੀ ਬਣ ਚੁੱਕਾ ਹੈ | ਉਨ੍ਹਾਂ ਵਲੋਂ ਜ਼ਿਲ੍ਹਾ ਪ੍ਰਸ਼ਾਸਨ, ਇਲਾਕੇ ਦੇ ਨਗਰਾਂ ਦੀਆਂ ਸੰਗਤਾਂ ਤੇ ਦੂਰ ਦੁਰਾਡੇ ਪਿੰਡਾਂ ਤੋਂ ਮਿੱਟੀ ਦੀਆਂ ਟਰਾਲੀਆਂ ਅਤੇ ਬੋਰੇ ਲਿਆਉਣ ਵਾਲੀਆਂ ਸੰਗਤਾਂ ਦਾ ਧੰਨਵਾਦ ਕੀਤਾ ਤੇ ਸੇਵਾ ਕਰਨ ਵਾਲੇ ਨੌਜਵਾਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਬਾਬਾ ਚਰਨ ਸਿੰਘ ਪ੍ਰਧਾਨ ਗੁਰਦੁਆਰਾ ਸ਼ਹੀਦ ਗੰਜ ਪ੍ਰਬੰਧਕ ਕਮੇਟੀ, ਸੁਖਜਿੰਦਰ ਸਿੰਘ ਨੌਰਾ, ਤੀਰਥ ਸਿੰਘ ਬੁਰਜ, ਨਰਿੰਦਰ ਸਿੰਘ ਉੜਾਪੜ, ਕਮਲਜੀਤ ਸਿੰਘ ਚੱਕਦਾਨਾ, ਜਗਦੀਸ਼ ਸਿੰਘ ਬੁਰਜ, ਜਸਵੀਰ ਸਿੰਘ ਟਾਂਕ, ਰਵਿੰਦਰ ਸਿੰਘ ਚੱਕਦਾਨਾ, ਰਾਜਵੀਰ ਸਿੰਘ ਆੜਤੀ, ਹਿਤੇਸ਼ ਮਾਹੀ ਸਰਪੰਚ ਬੇਗੋਵਾਲ, ਭੁਪਿੰਦਰ ਸਿੰਘ ਸਰਪੰਚ ਉੜਾਪੜ, ਸੁਖਵਿੰਦਰ ਸਿੰਘ ਚੱਕਦਾਨਾ, ਗੁਰਮੀਤ ਸਿੰਘ ਆਦਿ ਵਲੋਂ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਦਾ ਵਸਤਰ ਤੇ ਦਸਤਾਰਾਂ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਅਜਮੇਰ ਸਿੰਘ ਬੁਰਜ, ਜਤਿੰਦਰ ਸਿੰਘ ਧੰਜੂ, ਸੋਹਣ ਸਿੰਘ ਬੁਰਜ, ਜਗਦੀਪ ਸਿੰਘ ਨੰਗਲ ਜੱਟਾਂ, ਅਵਤਾਰ ਸਿੰਘ ਪੰਦਰਾਵਲ, ਗੁਰਨਾਮ ਸਿੰਘ, ਬਲਬੀਰ ਸਿੰਘ ਚੱਕਦਾਨਾ, ਨਰਿੰਦਰ ਸਿੰਘ ਨੰਬਰਦਾਰ, ਸਾਹਿਬਜੀਤ ਸਿੰਘ, ਹਰਚਰਨ ਸਿੰਘ, ਤਰਨਜੀਤ ਸਿੰਘ ਖੁਰਦਾਂ, ਪਰਮਿੰਦਰ ਸਿੰਘ ਖੁਰਦਾਂ ਆਦਿ ਵੀ ਹਾਜਰ ਸਨ |