ਪੋਜੇਵਾਲ ਸਰਾ, 18 ਅਕਤੂਬਰ (ਬੂਥਗੜ੍ਹੀਆ)-ਬ੍ਰੈਂਪਟਨ, ਓਾਟਾਰੀਓ-ਅੰਤਰਰਾਸ਼ਟਰੀ ਦੋਸਤੀ, ਸੱਭਿਆਚਾਰਕ ਆਦਾਨ-ਪ੍ਰਦਾਨ ਤੇ ਵਿਸ਼ਵਵਿਆਪੀ ਭਾਈਚਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਭਾਵਨਾ ਨੂੰ ਸਨਮਾਨਿਤ ਕਰਦੇ ਹੋਏ, ਆਮ ਆਦਮੀ ਪਾਰਟੀ ਦੇ ਹਲਕਾ ਯੂਥ ਪ੍ਰਧਾਨ ਕਰਨਵੀਰ ਕਟਾਰੀਆ ਨੇ ਬ੍ਰੈਂਪਟਨ ਸ਼ਹਿਰ ਦਾ ਆਪਣਾ ਵਿਸ਼ੇਸ਼ ਦੌਰਾ ਕੀਤਾ | ਇਸ ਮੌਕੇ ਬ੍ਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਅਤੇ ਡਿਪਟੀ ਮੇਅਰ ਤੇ ਸਿਟੀ ਕੌਂਸਲਰ (ਵਾਰਡ 9 ਅਤੇ 10) ਹਰਕੀਰਤ ਸਿੰਘ ਸਮੇਤ ਸਮੂਹ ਕੌਂਸਲ ਦੇ ਮੈਂਬਰਾਂ ਵਲੋਂ ਹਲਕਾ ਯੂਥ ਪ੍ਰਧਾਨ ਕਰਨਵੀਰ ਕਟਾਰੀਆ ਦਾ ਨਿੱਘਾ ਸਵਾਗਤ ਕੀਤਾ | ਕੌਂਸਲ ਦੇ ਮੈਂਬਰਾਂ ਨੇ ਇਸ ਦੌਰੇ ਲਈ ਆਪਣੀਆਂ ਸ਼ੁਕਰਗੁਜਾਰੀਆਂ ਭੇਟ ਕੀਤੀਆਂ | ਮੇਅਰ ਪੈਟਰਿਕ ਬਰਾਊਨ ਤੇ ਡਿਪਟੀ ਮੇਅਰ ਹਰਕੀਰਤ ਸਿੰਘ ਨੇ ਹਲਕਾ ਯੂਥ ਪ੍ਰਧਾਨ ਕਰਨਵੀਰ ਕਟਾਰੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਆਦਾਨ-ਪ੍ਰਦਾਨ ਬ੍ਰੈਂਪਟਨ ਦੇ ਬਹੁ-ਸੱਭਿਆਚਾਰਕ ਤਾਣੇ-ਬਾਣੇ ਲਈ ਮਹੱਤਵਪੂਰਨ ਹਨ ਅਤੇ ਦੁਨੀਆ ਭਰ ਦੇ ਭਾਈਚਾਰਿਆਂ ਨਾਲ ਮਜ਼ਬੂਤ ਸੰਬੰਧ ਬਣਾਉਣ ਦੀ ਸ਼ਹਿਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੇ ਹਨ | ਉਨ੍ਹਾਂ ਨੇ ਅੰਤਰਰਾਸ਼ਟਰੀ ਸਹਿਯੋਗ ਨੂੰ ਹੋਰ ਵਧਾਉਣ ਦੀ ਉਮੀਦ ਜਤਾਈ | ਇਸ ਮੌਕੇ ਦਵਿੰਦਰ ਸਿੰਘ, ਰੋਹਿਤ ਚੌਧਰੀ (ਲੱਕੀ) ਆਦਿ ਹਾਜ਼ਰ ਸਨ |