ਮੁਕੰਦਪੁਰ, 18 ਅਕਤੂਬਰ (ਅਮਰੀਕ ਸਿੰਘ ਢੀਂਡਸਾ)-ਸਕੂਲ ਸਿੱਖਿਆ ਵਿਭਾਗ ਪੰਜਾਬ, ਜ਼ਿਲ੍ਹਾ ਸਿੱਖਿਆ ਅਫਸਰ (ਸੈ/ਸਿ) ਸ਼ਹੀਦ ਭਗਤ ਸਿੰਘ ਨਗਰ ਅਨੀਤਾ ਸ਼ਰਮਾ, ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਸੈ/ਸਿ) ਲਖਵੀਰ ਸਿੰਘ ਦੇ ਦਿਸ਼ਾ ਅਨੁਸਾਰ ਪੀ. ਐਮ. ਸ੍ਰੀ ਸਰਕਾਰੀ ਸੈਕੰਡਰੀ ਸਕੂਲ ਮੁਕੰਦਪੁਰ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ | ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਪਿ੍ੰਸੀਪਲ ਕਿਸ਼ਨ ਖਟਕੜ ਨੇ ਕਿਹਾ ਕਿ ਇਨ੍ਹਾਂ ਪ੍ਰੀਖਿਆਵਾਂ 'ਚ ਪ੍ਰਾਪਤ ਅੰਕਾਂ ਨੂੰ ਧਿਆਨ 'ਚ ਰੱਖਦੇ ਹੋਏ ਉਹ ਇਸ ਤੋਂ ਵਧੇਰੇ ਨੰਬਰ ਪ੍ਰਾਪਤ ਕਰਨ ਲਈ ਹੁਣ ਤੋਂ ਹੀ ਸਖਤ ਮਿਹਨਤ ਕਰਨੀ ਸ਼ੁਰੂ ਕਰ ਦੇਣ | ਪਿ੍ੰਸੀਪਲ ਕਿਸ਼ਨ ਖਟਕੜ ਨੇ ਕੰਪੀਟੈਸੀ ਇਨਹਾਸਮੈਂਟ ਪ੍ਰੋਗਰਾਮ ਅਧੀਨ ਸਰਕਾਰ ਵਲੋਂ ਸਲਾਨਾ ਪ੍ਰੀਖਿਆਵਾਂ ਦੀ ਤਿਆਰੀ ਲਈ ਅਤੇ ਵੱਖ-ਵੱਖ ਵਿਸ਼ਿਆਂ ਦੇ ਮੁਸ਼ਕਿਲ ਮੰਨੇ ਜਾਣ ਵਾਲੇ ਪ੍ਰਸ਼ਨ ਉੱਤਰਾਂ ਸੰਬੰਧੀ ਭੇਜੇ ਜਾਣ ਵਾਲੇ ਹਫਤਾਵਰੀ ਅਸਾਈਨਮੈਂਟ ਸ਼ੀਟਾਂ ਮਿਹਨਤ ਨਾਲ ਤਿਆਰੀ ਕਰਨ ਲਈ ਕਿਹਾ | ਸਕੂਲ 'ਚ ਚੱਲ ਰਹੇ ਪ੍ਰੋਗਰਾਮ ਬਿਜਨਸ ਬਲਾਸਟਰ ਅਧੀਨ ਨੋਡਲ ਇੰਚਾਰਜ ਡਾ. ਇੰਦਰਜੀਤ ਪਾਲ ਲੈਕਚਰਾਰ ਅਰਥਸ਼ਾਸਤਰ ਤੇ ਸੁਰਜੀਤ ਸਿੰਘ ਲੈਕਚਰਾਰ ਅੰਗਰੇਜ਼ੀ ਦੀ ਅਗਵਾਈ ਅਧੀਨ ਮਾਪੇ ਅਧਿਆਪਕ ਮਿਲਣੀ 'ਚ ਬਿਜਨਸ ਬਲਾਸਟਰ ਦੇ ਵਿਦਿਆਰਥੀਆਂ ਵਲੋਂ ਆਪਣੇ ਦੁਆਰਾ ਬਣਾਏ ਵੱਖ-ਵੱਖ ਤਰ੍ਹਾਂ ਦੇ ਸਾਮਾਨਾਂ ਦੇ ਸਟਾਲ ਲਗਾਏ ਗਏ ਸਨ | ਜਿਸ 'ਚ ਵਿਦਿਆਰਥੀਆਂ ਤੇ ਮਾਪਿਆਂ ਨੇ ਉਨ੍ਹਾਂ ਦੁਆਰਾ ਬਣਾਏ ਗਏ ਵੱਖ-ਵੱਖ ਤਰ੍ਹਾਂ ਦੇ ਪਕਵਾਨ ਖਰੀਦੇ ਤੇ ਆਨੰਦ ਮਾਣਿਆ | ਸਮੂਹ ਕਲਾਸ ਨੂੰ ਇੰਚਾਰਜਾਂ ਵਲੋਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਸਤੰਬਰ ਪ੍ਰੀਖਿਆ 'ਚ ਉਨ੍ਹਾਂ ਵਲੋਂ ਪ੍ਰਾਪਤ ਕੀਤੇ ਗਏ ਅੰਕਾਂ ਬਾਰੇ ਦੱਸਿਆ ਤੇ ਜਿਹੜੇ-ਜਿਹੜੇ ਵਿਸ਼ਿਆਂ 'ਚੋਂ ਉਨ੍ਹਾਂ ਦੀ ਕਾਰਗੁਜ਼ਾਰੀ ਘੱਟ ਸੀ ਉਸ 'ਤੇ ਵਿਸ਼ੇਸ਼ ਧਿਆਨ ਦੇਣ ਲਈ ਪ੍ਰੇਰਿਤ ਕੀਤਾ |