ਬੰਗਾ, 2 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਇਨਸਾਫ਼ ਦੀ ਅਵਾਜ਼ ਜਥੇਬੰਦੀ ਇਕਾਈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਇਕ ਮਹੱਤਵਪੂਰਨ ਮੀਟਿੰਗ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਝਿੱਕਾ ਦੀ ਰਹਿਨੁਮਾਈ ਹੇਠ ਹੋਈ | ਜਿਸ ਵਿਚ ਜਥੇਬੰਦੀ ਦੇ ਜੁਝਾਰੂ ਵਰਕਰਾਂ ਅਤੇ ਇਲਾਕੇ ਦੇ ਨਿਵੇਸ਼ਕਾਂ ਨੇ ਹਿੱਸਾ ਲਿਆ | ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਝਿੱਕਾ, ਸਟੇਟ ਕਮੇਟੀ ਮੈਂਬਰ ਅਮਰੀਕ ਸਿੰਘ ਪਠਲਾਵਾ, ਡਾ. ਕੁਲਦੀਪ ਰਾਜ ਬੰਗਾ, ਬਲਵੀਰ ਸਿੰਘ ਮੰਢਾਲੀ, ਜਸਵੀਰ ਸਿੰਘ ਝਿੱਕਾ, ਮਲਕੀਤ ਸਿੰਘ ਖਮਾਚੋਂ ਅਤੇ ਮਾਸਟਰ ਰਾਮੇਸ਼ ਕੁਮਾਰ ਪਠਲਾਵਾ ਨੇ ਆਖਿਆ ਕਿ ਲੰਬੇ ਸਮੇਂ ਤੋਂ ਆਪਣੇ ਖੂਨ ਪਸੀਨੇ ਦੀ ਕਮਾਈ ਨੂੰ ਵਾਪਿਸ ਲੈਣ ਲਈ ਭਟਕ ਰਹੇ ਵਰਕਰਾਂ ਅਤੇ ਨਿਵੇਸ਼ਕਾਂ ਨੂੰ ਵੱਡੇ ਨਿਰਾਸ਼ਾ ਦੇ ਆਲਮ ਵਿਚੋਂ ਗੁਜ਼ਰਨਾ ਪੈ ਰਿਹਾ ਹੈ | ਬੁਲਾਰਿਆਂ ਨੇ ਖਦਸ਼ਾ ਜਾਹਿਰ ਕਰਦਿਆਂ ਆਖਿਆ ਕਿ ਬੜੇ ਦੁੱਖ ਦੀ ਗੱਲ ਹੈ ਕਿ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਵਲੋਂ ਨਿਵੇਸ਼ਕਾਂ ਦੇ ਹੱਕ ਵਿੱਚ ਸੁਣਾਏ ਫੈਸਲੇ ਦੇ ਬਾਵਜੂਦ ਕੇਂਦਰ ਦੀ ਮੋਦੀ ਸਰਕਾਰ ਡੰਗ ਟਪਾਊ ਨੀਤੀ ਅਪਣਾ ਰਹੀ ਹੈ | ਬੁਲਾਰਿਆਂ ਨੇ ਦੱਸਿਆ ਕਿ ਦਰਜਨਾਂ ਸਾਲ ਬੀਤ ਜਾਣ ਉਪਰੰਤ ਵੀ ਨਿਗੂਣੀ ਜਿਹੀ ਰਾਸ਼ੀ ਰਿਫੰਡ ਕੀਤੀ ਜਾ ਰਹੀ ਹੈ | ਬੁਲਾਰਿਆਂ ਨੇ ਸਰਕਾਰ ਨੂੰ ਖ਼ਬਰਦਾਰ ਕਰਦਿਆਂ ਆਖਿਆ ਕਿ ਆਉਣ ਵਾਲੀ 26 ਨਵੰਬਰ ਨੂੰ ਦਿੱਲੀ ਵਿਖੇ ਇੱਕ ਵੱਡਾ ਇਕੱਠ ਕੀਤਾ ਜਾ ਰਿਹਾ ਹੈ | ਇਸ ਮੌਕੇ ਅਮਰਜੀਤ ਸਿੰਘ ਸੂਰਾਪੁਰ, ਮਨੀ ਸਿੰਘ ਬੰਗਾ, ਰਣਜੀਤ ਸਿੰਘ ਨਵਾਂਸ਼ਹਿਰ, ਸਤੀਸ਼ ਕੁਮਾਰ ਐਮਾਂ ਜੱਟਾਂ, ਤਰਲੋਚਨ ਸਿੰਘ ਪਠਲਾਵਾ, ਤਰਸੇਮ ਪਠਲਾਵਾ, ਅਵਤਾਰ ਰਿਹਾਣਾ, ਸਵਰਨਜੀਤ ਸਿੰਘ, ਹਰੀ ਓਮ ਪੋਸੀ, ਡਾ. ਗੋਪਾਲ ਦਾਸ ਪੋਸੀ, ਹਰਭਜਨ ਸਿੰਘ ਸੂਰਾਪੁਰ, ਹਰਭਜ ਰਾਮ ਅਤੇ ਵੱਡੀ ਗਿਣਤੀ ਵਿਚ ਇਸਤਰੀ ਵਰਕਰ ਹਾਜ਼ਰ ਸਨ | ਮੀਟਿੰਗ ਵਿੱਚ ਸਟੇਟ ਜਨਰਲ ਸਕੱਤਰ ਜੋਧ ਸਿੰਘ ਥਾਂਦੀ ਨੇ ਵੀ ਹਿੱਸਾ ਲਿਆ ਅਤੇ ਮੀਟਿੰਗ ਨੂੰ ਸੰਬੋਧਨ ਵੀ ਕੀਤਾ |