ਸਾਹਲੋਂ, 27 ਦਸੰਬਰ (ਜਰਨੈਲ ਸਿੰਘ ਨਿੱਘ੍ਹਾ) - ਪਿੰਡ ਸਾਹਲੋਂ ਦੇ ਬੱਸ ਅੱਡਾ ਵਿਖੇ ਵੱਖ-ਵੱਖ ਸੜਕਾਂ 'ਤੇ ਪੈਂਦੀਆਂ ਵੱਖ-ਵੱਖ ਚਾਰ ਦੁਕਾਨਾਂ ਦੇ ਚੋਰਾਂ ਵਲੋਂ ਸ਼ਟਰ ਤੋੜ ਕੇ ਲੱਖਾਂ ਰੁਪਏ ਦਾ ਨੁਕਸਾਨ ਕਰਨ ਦੀ ਖਬਰ ਹੈ | ਮੌਕੇ 'ਤੇ ਪ੍ਰਧਾਨ ਸੁਖਵੀਰ ਸਿੰਘ ਸੁੱਖੀ ਅਤੇ ਜਸਵਿੰਦਰ ਸਿੰਘ ਭੱਟੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤੜਕਸਾਰ 6.30 ਵਜੇ ਸੈਰ ਕਰਨ ਵਾਲਿਆਂ ਨੇ ਸਾਨੂੰ ਫੋਨ ਕਰਕੇ ਦੱਸਿਆ ਕਿ ਵੱਖ-ਵੱਖ ਦੁਕਾਨਾਂ ਦੇ ਸ਼ਟਰ ਤੋੜੇ ਹੋਏ ਹਨ | ਜਦੋਂ ਆ ਕੇ ਦੇਖਿਆ ਤਾਂ ਪਤਾ ਲੱਗਾ ਕਿ ਨਵਾਂਸ਼ਹਿਰ ਰੋਡ 'ਤੇ ਸ਼ਰਮਾ ਕੂਲੈਕਸ਼ਨ ਰੈਡੀਮੇਡ ਜੈਂਟਸ ਕਪੜਿਆਂ ਦੀ ਦੁਕਾਨ ਤੋਂ ਸ਼ਟਰ ਤੋੜ ਕੇ ਲੱਖਾਂ ਰੁਪਏ ਦੇ ਕਪੜੇ ਚੋਰ ਚੋਰੀ ਕਰ ਕੇ ਲੈ ਗਏ | ਇਸ ਦੁਕਾਨ ਦੀ ਦੂਜੀ ਸਾਈਡ ਸੜਕ ਦੇ ਪਾਰ ਪਰਮਾਰ ਸੀਡ ਸਟੋਰ ਦਾ ਸ਼ਟਰ ਤੋੜ ਕੇ ਗੱਲੇ ਵਿੱਚ ਪਈ ਨਕਦੀ ਲੈ ਗਏ | ਇਸ ਤਰ੍ਹਾਂ ਬੰਗਾ ਰੋਡ 'ਤੇ ਕੁਲਰਾਜ ਮੈਡੀਕਲ ਸਟੋਰ ਅਤੇ ਚੌਹਾਨ ਜਿਊਲਰੀ ਦੀ ਦੁਕਾਨ ਦੇ ਸ਼ਟਰ ਤੋੜ ਕੇ ਚੋਰਾਂ ਨੇ ਫਰੋਲਾ-ਫਰਾਲੀ ਕਰਕੇ ਹਜ਼ਾਰ ਦਾ ਨੁਕਸਾਨ ਕਰ ਗਏ | ਸ਼ਰਮਾ ਕੁਲੈਕਸ਼ਨ ਦੁਕਾਨ ਦੇ ਮਾਲਕ ਰਜਿਤ ਸ਼ਰਮਾ ਦੇ ਭਰਾ ਅਤੇ ਹੋਰ ਮੈਂਬਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਅਜੇ ਤਿੰਨ ਮਹਿਨੇ ਹੋਏ ਸੀ ਨਵੀਂ ਦੁਕਾਨ ਖੋਲ੍ਹੀ ਨੂੰ ਜਿਸ ਵਿਚ ਗਰਮੀਆਂ ਅਤੇ ਸਰਦੀਆਂ ਦੇ ਜੈਂਟਸ ਲਈ ਮਹਿੰਗੇ ਭਾਅ ਦੇ ਕੱਪੜੇ ਪਾਏ ਹੋਏ ਸਨ | ਉਨ੍ਹਾਂ ਨੇ ਦੱਸਿਆ ਚੋਰ ਸਾਡਾ 2.50 ਤੋਂ 3 ਲੱਖ ਦਾ ਨੁਕਸਾਨ ਕਰ ਗਏ | ਪ੍ਰਧਾਨ ਸੁਖਵੀਰ ਸਿੰਘ ਸੁੱਖੀ ਨੇ ਦੱਸਿਆ ਇਸ ਸਬੰਧੀ ਥਾਣਾ ਔੜ ਵਿਖੇ ਰਿਪੋਟ ਦਰਜ ਕਰਵਾ ਦਿੱਤੀ ਗਈ ਹੈ | ਸਾਡੀ ਪੁਲਿਸ ਪ੍ਰਸ਼ਾਸਨ ਤੋਂ ਮੰਗ ਹੈ ਕਿ ਚੋਰਾਂ ਨੂੰ ਜਲਦੀ ਤੋਂ ਜਲਦੀ ਫੜਿ੍ਹਆ ਜਾਵੇ |