ਫ਼ਤਹਿਗੜ੍ਹ ਸਾਹਿਬ, 6 ਦਸੰਬਰ (ਬਲਜਿੰਦਰ ਸਿੰਘ)-ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਕਪਤਾਨ ਪੁਲਿਸ (ਜਾਂਚ) ਰਾਕੇਸ਼ ਕੁਮਾਰ ਯਾਦਵ ਵਲੋਂ ਅੱਜ ਜ਼ਿਲ੍ਹਾ ਹੈੱਡਕੁਆਟਰ ਵਿਖੇ ਪਿਛਲੇ ਸਮੇਂ ਦੌਰਾਨ ਚੋਰੀ ਹੋਏ ਜਾਂ ਗੁਆਚੇ ਮੋਬਾਈਲ ਫ਼ੋਨ ਪੁਲਿਸ ਦੀ ਤਕਨੀਕੀ ਟੀਮ ਦੀ ਮਦਦ ਨਾਲ ਬਰਾਮਦ ਕਰਕੇ ਸਬੰਧਿਤ ਮਾਲਕਾਂ ਦੇ ਹਵਾਲੇ ਕੀਤੇ ਗਏ | ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਯਾਦਵ ਨੇ ਦੱਸਿਆ ਕਿ ਪੰਜਾਬ ਦੇ ਡੀ.ਜੀ.ਪੀ ਦੀਆਂ ਹਦਾਇਤਾਂ ਅਤੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸੀਨੀਅਰ ਕਪਤਾਨ ਪੁਲਿਸ ਸ਼ੁਭਮ ਅਗਰਵਾਲ ਦੇ ਦਿਸ਼ਾ ਨਿਰਦੇਸ਼ ਹੇਠ ਅਪਰਾਧਿਕ ਵਾਰਦਾਤਾਂ ਨੂੰ ਠੱਲ੍ਹ ਪਾਉਣ ਅਤੇ ਅਮਨ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਲਈ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਵਲੋਂ ਮੁਸ਼ਤੈਦੀ ਨਾਲ ਡਿਊਟੀ ਨਿਭਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਮੋਬਾਈਲ ਚੋਰੀ ਹੋਣ ਜਾਂ ਗੁਆਚੇ ਜਾਣ ਸਬੰਧੀ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਜਾਂ ਪੋਰਟਲ 'ਤੇ ਜਿਹੜੀਆਂ ਸ਼ਿਕਾਇਤਾਂ ਦਰਜ਼ ਹੋਈਆਂ ਸਨ | ਉਨ੍ਹਾਂ 'ਚੋਂ ਜ਼ਿਆਦਾਤਰ ਸ਼ਿਕਾਇਤਾਂ ਦਾ ਨਿਪਟਾਰਾ ਹੋ ਗਿਆ ਹੈ, ਕਿਉਂਕਿ ਜ਼ਿਲ੍ਹਾ ਪੁਲਿਸ ਮੁਖੀ ਦੁਆਰਾ ਗਠਿਤ ਕੀਤੀ ਪੁਲਿਸ ਦੀ ਤਕਨੀਕੀ ਟੀਮ ਨੇ ਪੂਰੀ ਮਿਹਨਤ ਨਾਲ 100 ਦੇ ਕਰੀਬ ਚੋਰੀ ਜਾਂ ਗੁੰਮ ਹੋਏ ਮੋਬਾਈਲ ਫ਼ੋਨ ਬਰਾਮਦ ਕੀਤੇ ਹਨ, ਜੋ ਅੱਜ ਸਬੰਧਿਤ ਮਾਲਕਾਂ ਨੂੰ ਇੱਥੇ ਬੁਲਾ ਕੇ ਉਨ੍ਹਾਂ ਨੂੰ ਸੌਂਪੇ ਗਏ ਹਨ | ਇਨ੍ਹਾਂ ਵਿਚ ਉਹ ਮੋਬਾਇਲ ਮਾਲਿਕ ਵੀ ਸ਼ਾਮਿਲ ਹਨ, ਜਿੰਨ੍ਹਾਂ ਦੇ ਮੋਬਾਇਲ ਫੋਨ ਚੋਰੀ ਹੋਇਆਂ ਨੂੰ ਸਾਲ ਭਰ ਬੀਤ ਚੁੱਕਾ ਸੀ ਅਤੇ ਉਹ ਮੋਬਾਇਲ ਬਰਾਮਦ ਹੋਣ ਦੀ ਆਸ ਛੱਡ ਚੁੱਕੇ ਸਨ | ਸ੍ਰੀ ਯਾਦਵ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣਾ ਮੋਬਾਈਲ ਚੋਰੀ ਹੋਣ ਜਾਂ ਗੁੰਮ ਹੋਣ ਸਬੰਧੀ ਪੋਰਟਲ 'ਤੇ ਸ਼ਿਕਾਇਤ ਜ਼ਰੂਰ ਦਰਜ਼ ਕਰਵਾਈ ਜਾਵੇ ਤਾਂ ਜੋ ਉਸ ਦੀ ਪੜਤਾਲ ਕੀਤੀ ਜਾ ਸਕੇ | ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਵਿਚ ਭਾਵੇਂ ਦੇਰੀ ਹੋ ਸਕਦੀ ਹੈ ਪਰ ਪੁਲਿਸ ਉਨ੍ਹਾਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਬਚਨਬੱਧ ਹੈ | ਇਸ ਮੌਕੇ ਆਪਣੇ ਮੋਬਾਈਲ ਫ਼ੋਨ ਪ੍ਰਾਪਤ ਕਰਨ ਵਾਲੇ ਲੋਕਾਂ ਨੇ ਪੁਲਿਸ ਦੀ ਇਸ ਕਾਰਗੁਜ਼ਾਰੀ ਦੀ ਸ਼ਲਾਘਾ ਵੀ ਕੀਤੀ |