ਗੁਰਦਾਸਪੁਰ, 3 ਸਤੰਬਰ (ਗੁਰਪ੍ਰਤਾਪ ਸਿੰਘ)-ਬੀਤੇ ਦਿਨੀਂ ਰਾਵੀ ਤੇ ਉਝ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਧੁੱਸੀ ਬੰਨ੍ਹ 'ਚ 14 ਜਗਾ 'ਤੇ ਪਾੜ ਪੈ ਗਿਆ ਸੀ | ਜਿਸ ਦੇ ਚੱਲਦਿਆਂ ਇਲਾਕੇ ਅੰਦਰ ਪਾਣੀ ਵਲੋਂ ਭਾਰੀ ਨੁਕਸਾਨ ਕੀਤਾ ਗਿਆ ਸੀ | ਪਾਣੀ ਘਟਣ ਤੋਂ ਬਾਅਦ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵਲੋਂ ਗਾਹਲੜੀ ਹੈਡ ਦੇ ਕੋਲ ਧੁੱਸੀ ਬੰਨ੍ਹ ਵਿਚ ਪਏ ਕਰੀਬ 500 ਫੁੱਟ ਤੋਂ ਜ਼ਿਆਦਾ ਪਾੜ ਨੰੂ ਭਰਨ ਦੀ ਡਿਊਟੀ ਸੰਭਾਲੀ ਗਈ ਸੀ ਤੇ ਇਹ ਕੰਮ ਪਿਛਲੇ ਚਾਰ ਦਿਨਾਂ ਤੋਂ ਲਗਾਤਾਰ ਚੱਲ ਰਿਹਾ ਹੈ | ਬੁੱਧਵਾਰ ਨੰੂ ਰਾਵੀ ਦਰਿਆ 'ਚ ਇਕ ਵਾਰ ਫਿਰ ਤੋਂ ਪਾਣੀ ਛੱਡੇ ਜਾਣ ਤੋਂ ਬਾਅਦ ਇਸ ਬੰਨ੍ਹ ਨੰੂ ਬੰਨ੍ਹਣ ਵਿਚ ਵਿਧਾਇਕ ਪਾਹੜਾ ਤੇ ਉਨ੍ਹਾਂ ਦੀ ਟੀਮ ਨੰੂ ਕੁਝ ਦੇਰ ਲਈ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਇਸ ਸਬੰਧੀ ਰਾਤ ਕਰੀਬ 2 ਵਜੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਵਿਧਾਇਕ ਪਾਹੜਾ ਵਲੋਂ ਧੁੱਸੀ ਬੰਨ੍ਹ ਵਿਚ ਪਏ ਪਾੜ ਦੀ ਜਾਣਕਾਰੀ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਧੁੱਸੀ ਬੰਨ੍ਹ ਵਿਚ ਪਏ ਇਸ ਪਾੜ ਨੇ ਹਲਕਾ ਦੀਨਾਨਗਰ ਤੇ ਗੁਰਦਾਸਪੁਰ ਦੇ ਕਈ ਪਿੰਡਾਂ ਨੰੂ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਸੀ | ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਧੁੱਸੀ ਬੰਨ੍ਹ 'ਚ ਇਕ ਛੋਟਾ ਪਾੜ ਹੋਰ ਪਿਆ ਸੀ, ਜਿਸ ਨੰੂ ਪਹਿਲੇ ਦਿਨ ਹੀ ਬੰਦ ਕਰ ਦਿੱਤਾ ਗਿਆ ਸੀ | ਪਰ ਗਾਹਲੜੀ ਹੈੱਡ ਕੋਲ ਪਿਆ ਪਾੜ ਵੱਡਾ ਤੇ ਡੂੰਘਾ ਹੋਣ ਕਾਰਨ ਉਸ ਨੰੂ ਪੂਰਨ ਵਿਚ ਸਮਾਂ ਲੱਗ ਰਿਹਾ ਹੈ | ਉਨ੍ਹਾਂ ਸਭ ਪਾਰਟੀਆਂ ਦੇ ਨੁਮਾਇੰਦਿਆਂ ਨੰੂ ਅਪੀਲ ਕੀਤੀ ਕਿ ਇਹ ਸਮਾਂ ਰਾਜਨੀਤੀ ਤੋਂ ਉੱਪਰ ਉੱਠ ਕੇ ਲੋਕਾਂ ਦੀ ਮਦਦ ਕਰਨ ਦਾ ਹੈ |