ਪਠਾਨਕੋਟ, 26 ਸਤੰਬਰ (ਵਿਨੋਦ)-ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਨੇ ਪਸ਼ੂ ਪਾਲਨ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ 4 ਵਿਅਕਤੀਆਂ ਨੂੰ ਵਿਸ਼ੇਸ਼ ਸਾਲਾਨਾ ਪੁਰਸਕਾਰ ਪ੍ਰਦਾਨ ਕੀਤੇ | ਯੂਨੀਵਰਸਿਟੀ ਦੇ ਵਿਸਥਾਰ ਸਿੱਖਿਆ ਨਿਰਦੇਸ਼ਕ ਡਾ: ਰਵਿੰਦਰ ਗਰੇਵਾਲ ਨੇ ਕਿਹਾ ਕਿ ਨਵੀਨਤਮ ਤੇ ਸਵਦੇਸ਼ੀ ਤੌਰ 'ਤੇ ਵਿਕਸਿਤ ਪਸ਼ੂ ਪਾਲਨ ਤਕਨੀਕਾਂ ਨੂੰ ਅਪਣਾਉਣ ਵਾਲੇ 4 ਵਿਅਕਤੀਆਂ ਨੂੰ ਵਿਸ਼ੇਸ਼ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ | ਉਨ੍ਹਾਂ ਕਿਹਾ ਕਿ ਪਠਾਨਕੋਟ ਜ਼ਿਲ੍ਹੇ ਦੇ ਐਮ.ਬੀ.ਏ. ਗ੍ਰੈਜੂਏਟ ਰਾਕੇਸ਼ ਮਿਨਹਾਸ ਨੂੰ ਦੋ ਦਿਨਾਂ ਪਸ਼ੂ ਪਾਲਨ ਮੇਲੇ ਵਿਚ ਪੋਲਟਰੀ ਸ਼੍ਰੇਣੀ ਵਿਚ ਸਨਮਾਨਿਤ ਕੀਤਾ ਗਿਆ | ਰਾਕੇਸ਼ ਮਿਨਹਾਸ ਨੇ ਦੱਸਿਆ ਕਿ ਉਸ ਨੇ 2014 ਵਿਚ ਬ੍ਰਾਇਲਰ ਫਾਰਮਿੰਗ ਸ਼ੁਰੂ ਕੀਤੀ ਸੀ ਤੇ ਹੁਣ ਸਾਲਾਨਾ 10 ਮਿਲੀਅਨ ਤੋਂ ਵੱਧ ਬ੍ਰਾਇਲਰ ਵੇਚਦੇ ਹਨ | ਉਸ ਦੀ ਰੋਜ਼ਾਨਾ 40,000 ਮੁਰਗ਼ੀਆਂ ਦੀ ਸਪਲਾਈ ਹੁੰਦੀ ਹੈ | ਉਸ ਦਾ ਪੂਰਾ ਫਾਰਮ ਅਤਿ-ਆਧੁਨਿਕ ਤਕਨਾਲੋਜੀ 'ਤੇ ਕੰਮ ਕਰਦਾ ਹੈ | ਸਮਾਗਮ ਵਿਚ ਪਟਿਆਲਾ ਜ਼ਿਲ੍ਹੇ ਦੇ ਪਿੰਡ ਖੇੜੀ ਜਾਟਾ ਦੇ ਸਿਕੰਦਰ ਸਿੰਘ ਨੂੰ ਪ੍ਰਤੀ ਦਿਨ 25 ਕੁਇੰਟਲ ਦੁੱਧ ਪੈਦਾ ਕਰਨ ਲਈ ਸੰਗਰੂਰ ਜ਼ਿਲ੍ਹੇ ਦੇ ਅੰਮਿ੍ਤ ਪਾਲ ਸਿੰਘ ਨੂੰ ਦੁੱਧ ਉਤਪਾਦਨ ਦੇ ਮਾਰਕੀਟਿੰਗ ਲਈ ਤੇ ਅੰਮਿ੍ਤਸਰ ਦੇ ਰਮਨਜੀਤ ਸਿੰਘ ਨੂੰ ਵੀ ਮੀਟ ਉਤਪਾਦਨ ਦੀ ਸ਼੍ਰੇਣੀ ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ ਗਿਆ |