15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਫ਼ਿਲਮ ਸਟਾਰ ਦੇਵ ਆਨੰਦ ਦੀ 102ਵੀਂ ਜੈਯੰਤੀ 'ਤੇ ਜੱਦੀ ਪਿੰਡ ਘਰੋਟਾ ਵਿਚ ਪ੍ਰੋਗਰਾਮ ਆਯੋਜਿਤ

Ad Position 21
No active advertisement
ਅਜੀਤ ਡੈਸਕ 27-09-2025
ਘਰੋਟਾ, 26 ਸਤੰਬਰ (ਸੰਜੀਵ ਗੁਪਤਾ)-ਭਾਰਤੀ ਸਿਨੇਮਾ ਦੇ ਸਦਾਬਹਾਰ ਰੋਮਾਂਟਿਕ ਨਾਇਕ ਅਤੇ ਅਮਰ ਕਲਾਕਾਰ ਦੇਵ ਆਨੰਦ ਦੇ 102ਵੇਂ ਜਨਮ ਦਿਨ ਨੂੰ ਮਨਾਉਣ ਲਈ ਜੱਦੀ ਪਿੰਡ ਘਰੋਟਾ ਵਿਚ ਇਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਦੇਵ ਆਨੰਦ ਫੈਨ ਕਲੱਬ, ਪੰਚਾਇਤ ਅਤੇ ਸਥਾਨਿਕ ਬਾਜ਼ਾਰ ਦੁਆਰਾ ਆਯੋਜਿਤ ਪਿੰਡ ਅਤੇ ਖੇਤਰ ਦੇ ਵੱਡੀ ਗਿਣਤੀ ਵਿਚ ਲੋਕਾਂ ਨੇ ਇਸ ਸਮਾਗਮ ਵਿਚ ਸ਼ਿਰਕਤ ਕੀਤੀ | ਸਰਪੰਚ ਸੰਜੀਵ ਕੁਮਾਰ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ | ਉਨ੍ਹਾਂ ਕਿਹਾ ਦੇਵ ਆਨੰਦ ਘਰੋਟਾ ਦਾ ਮਾਣ ਹਨ | ਆਪਣੀ ਵਿਲੱਖਣ ਅਦਾਕਾਰੀ ਸ਼ੈਲੀ ਨਾਲ ਉਨ੍ਹਾਂ ਨੇ ਭਾਰਤੀ ਫ਼ਿਲਮ ਇੰਡਸਟਰੀ ਨੂੰ ਇਕ ਨਵੀਂ ਪਹਿਚਾਣ ਦਿੱਤੀ | ਦਾਦਾ ਸਾਹਿਬ ਫਾਲਕੇ ਪੁਰਸਕਾਰ ਅਤੇ ਪਦਮ ਭੂਸ਼ਨ ਸਮੇਤ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੁਰਸਕਾਰ ਪ੍ਰਾਪਤ ਕਰਕੇ ਉਨ੍ਹਾਂ ਨੇ ਆਪਣੇ ਪਿੰਡ ਘਰੋਟਾ ਦਾ ਨਾਮ ਵਿਸ਼ਵ ਮੰਚ 'ਤੇ ਉੱਚਾ ਕੀਤਾ | ਇਸ ਮੌਕੇ ਬੋਲਦਿਆਂ ਦੇਵ ਦੱਤ ਅਤੇ ਕਿਸ਼ਨ ਕਾਟਲ ਨੇ ਕਿਹਾ ਕਿ ਦੇਵ ਆਨੰਦ ਦਾ ਪਰਿਵਾਰ ਮੂਲ ਰੂਪ ਵਿਚ ਘਰੋਟਾ ਤੋਂ ਸੀ | ਉਹ ਸੇਠ ਪਿਸ਼ੋਰੀ ਮੱਲ ਆਨੰਦ ਦੇ ਪੁੱਤਰ ਸਨ | ਉਨ੍ਹਾਂ ਦੇ ਚਾਚੇ ਸੇਠ ਲਾਹੌਰੀ ਮੱਲ ਅਤੇ ਤਾਊ ਗੋਰੂ ਮੱਲ ਕਾਰੋਬਾਰੀ ਸਨ, ਜਦੋਂ ਕਿ ਉਨ੍ਹਾਂ ਦੇ ਪਿਤਾ ਕਾਨੂੰਨ ਦੀ ਪ੍ਰੈਕਟਿਸ ਕਰਦੇ ਸਨ | ਉਨ੍ਹਾਂ ਦੇ ਵੱਡੇ ਭਰਾ ਚੇਤਨ ਆਨੰਦ ਅਤੇ ਵਿਜੇ ਆਨੰਦ ਨੇ ਫ਼ਿਲਮ ਇੰਡਸਟਰੀ ਵਿਚ ਯੋਗਦਾਨ ਪਾਇਆ, ਜਦੋਂ ਕਿ ਮਨਮੋਹਨ ਆਨੰਦ ਵਕਾਲਤ ਵਿਚ ਸਰਗਰਮ ਰਹੇ | ਦੇਵ ਆਨੰਦ ਨੇ ਆਪਣੀ ਅਦਾਕਾਰੀ ਅਤੇ ਨਿਰਦੇਸ਼ਨ ਨਾਲ ਭਾਰਤੀ ਸਿਨੇਮਾ ਨੂੰ ਅਮਰ ਕਰ ਦਿੱਤਾ | ਸ਼ਿੱਬੂ ਮਹਿਰਾ, ਸੰਤੋਖ ਰਾਜ, ਸ਼ਿੰਟਾ ਜੱਗੀ, ਅਬੀ ਜੱਗੀ, ਸੱਤਪਾਲ ਅਤੇ ਵਰਿਆਮ ਚੰਦ ਸਮੇਤ ਪਿੰਡ ਦੇ ਹੋਰ ਪਤਵੰਤਿਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ | ਦੇਵ ਆਨੰਦ ਦੇ ਪਰਿਵਾਰ ਅਤੇ ਸਿਨੇਮਾ ਵਿਚ ਉਨ੍ਹਾਂ ਦੇ ਯੋਗਦਾਨ ਨੂੰ ਉਜਾਗਰ ਕੀਤਾ | ਉਨ੍ਹਾਂ ਕਿਹਾ ਦੇਵ ਆਨੰਦ ਨੇ ਘਰੋਟਾ ਨੂੰ ਮਾਣ ਦਿਵਾਇਆ | ਉਨ੍ਹਾਂ ਦੀ ਯਾਦ ਨੂੰ ਸੰਭਾਲਣਾ ਸਾਡੀ ਜ਼ਿੰਮੇਵਾਰੀ ਹੈ | ਇਸ ਮੌਕੇ ਫੈਨ ਕਲੱਬ ਕੋਆਰਡੀਨੇਟਰ ਸੰਜੀਵ ਨੇ ਇਹ ਵੀ ਕਿਹਾ ਕਿ ਪਿੰਡ ਵਾਸੀ ਲੰਬੇ ਸਮੇਂ ਤੋਂ ਦੇਵ ਆਨੰਦ ਦੀ ਯਾਦ ਨੂੰ ਸੰਭਾਲਣ ਲਈ ਇਕ ਯਾਦਗਾਰ ਬਣਾਉਣ ਦੀ ਮੰਗ ਕਰ ਰਹੇ ਸਨ | ਕੈਬਨਿਟ ਮੰਤਰੀ ਲਾਲ ਚੰਦ ਨੇ ਹਾਲ ਹੀ ਵਿਚ ਉਨ੍ਹਾਂ ਦੀ ਮੰਗ 'ਤੇ ਸਹਿਮਤੀ ਪ੍ਰਗਟ ਕੀਤੀ, ਪਿੰਡ ਵਿਚ ਇਕ ਪਾਰਕ ਦਾ ਨੀਂਹ ਪੱਥਰ ਰੱਖਿਆ ਅਤੇ ਇਸ ਨੂੰ ਦੇਵ ਸਾਹਿਬ ਨੂੰ ਸਮਰਪਿਤ ਕੀਤਾ | ਉਨ੍ਹਾਂ ਦੀ ਯਾਦ ਵਿਚ ਇਕ ਮੂਰਤੀ ਵੀ ਲਗਾਈ ਜਾਵੇਗੀ | ਇਸ ਐਲਾਨ ਨਾਲ ਪ੍ਰਸੰਸਕਾਂ ਵਿਚ ਖ਼ੁਸ਼ੀ ਅਤੇ ਉਮੀਦ ਦੀ ਇਕ ਨਵੀਂ ਕਿਰਨ ਆਈ ਹੈ | ਇਸ ਤੋਂ ਪਹਿਲਾਂ ਪਿੰਡ ਦੇ ਬਜ਼ੁਰਗਾਂ ਅਤੇ ਨੌਜਵਾਨਾਂ ਨੇ ਦੇਵ ਆਨੰਦ ਦੇ ਚਿੱਤਰ 'ਤੇ ਫੁੱਲ ਚੜ੍ਹਾਏ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਮਹਾਨ ਕਲਾਕਾਰ ਦੀ ਕਹਾਣੀ ਨਾਲ ਜਾਣੂ ਕਰਵਾਉਣ ਦਾ ਵਾਅਦਾ ਕੀਤਾ, ਤਾਂ ਜੋ ਘਰੋਟਾ ਦਾ ਮਾਣਮੱਤਾ ਸਬੰਧ ਹਮੇਸ਼ਾ ਲਈ ਕਾਇਮ ਰਹੇ | ਇਸ ਮੌਕੇ ਸੱਤਪਾਲ, ਦੇਸ ਰਾਜ, ਰਾਕੇਸ਼ ਕੁਮਾਰ, ਦਰਸ਼ਨ ਲਾਲ, ਕਾਲੂ ਮਹਾਜਨ, ਸ਼ੰਮੀ ਕੁਮਾਰ, ਬੱਬੂ, ਨੰਦ ਲਾਲ, ਲਾਡੀ ਸ਼ਰਮਾ ਅਤੇ ਹੋਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਰਾਮ ਕਲਾ ਮੰਚ ਪਠਾਨਕੋਟ ਵਲੋਂ ਕੀਤੇ ਜਾ ਰਹੇ ਰਾਮ-ਲੀਲ੍ਹਾ ਮੰਚਨ ਦੌਰਾਨ ਦਰਸ਼ਕਾਂ ਨੇ ਕੀਤੀ ਫੁੱਲਾਂ ਦੀ ਵਰਖਾ ਅਗਲੀ ਖ਼ਬਰ ਡੈਮੋਕਰੈਟਿਕ ਆਸ਼ਾ ਵਰਕਰ ਫੈਸੀਲੀਟੇਟਰ ਯੂਨੀਅਨ ਪੰਜਾਬ ਵਲੋਂ ਐਸ.ਐਮ.ਓ. ਨੂੰ ਮੰਗ ਪੱਤਰ
Ad Position 24