ਤਾਰਾਗੜ੍ਹ, 18 ਅਕਤੂਬਰ (ਸੋਹਨ ਲਾਲ)-ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਤੇ ਕਾਂਗਰਸ ਪਾਰਟੀ ਦੀ 'ਵੋਟ ਚੋਰ ਗੱਦੀ ਛੋੜ' ਮੁਹਿੰਮ ਜੋ ਕਿ ਭੋਆ ਹਲਕੇ ਵਲੋਂ ਸ਼ੁਰੂ ਕੀਤੀ ਗਈ ਸੀ, ਤਹਿਤ ਸਾਬਕਾ ਵਿਧਾਇਕ ਤੇ ਭੋਆ ਹਲਕਾ ਇੰਚਾਰਜ ਜੋਗਿੰਦਰ ਪਾਲ ਦੀ ਅਗਵਾਈ ਹੇਠ ਭਰੇ ਗਏ ਫਾਰਮ ਬਲਾਕ ਪ੍ਰਧਾਨ ਹਰਸ਼ ਸ਼ਰਮਾ, ਬਲਾਕ ਵਾਈਸ ਪ੍ਰਧਾਨ ਸਰਪੰਚ ਸੁਮਿਤ ਠਾਕੁਰ ਖੋਖਰ ਕੋਟਲੀ ਤੇ ਵਿਧਾਇਕ ਆਦਮਪੁਰ ਗੁਰਕੀਰਤ ਸਿੰਘ ਕੋਟਲੀ ਵਲੋਂ ਸੂਬਾ ਕਾਂਗਰਸ ਦਫ਼ਤਰ ਵਿਖੇ ਜਨਰਲ ਸਕੱਤਰ ਪੰਜਾਬ ਹੈਪੀ ਖੈੜਾ ਪਾਸ ਜਮ੍ਹਾਂ ਕਰਵਾਏ ਗਏ | ਬਲਾਕ ਪ੍ਰਧਾਨ ਹਰਸ਼ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਬਕਾ ਵਿਧਾਇਕ ਜੋਗਿੰਦਰ ਪਾਲ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਹਲਕੇ ਵਿਚ ਮਜ਼ਬੂਤ ਹੋ ਰਹੀ ਹੈ, ਜਿਸ ਦਾ ਸਬੂਤ ਕਾਂਗਰਸ ਪਾਰਟੀ ਹਾਈਕਮਾਨ ਵਲੋਂ ਸ਼ੁਰੂ ਕੀਤੀ ਗਈ 'ਵੋਟ ਚੋਰ ਗੱਦੀ ਛੋੜ' ਮੁਹਿੰਮ ਤੋਂ ਮਿਲਦਾ ਹੈ | 'ਵੋਟ ਚੋਰ ਗੱਦੀ ਛੋੜ' ਮੁਹਿੰਮ ਨੂੰ ਹਲਕੇ 'ਚ ਕਾਫ਼ੀ ਸਮਰਥਨ ਮਿਲਿਆ ਹੈ | ਉਨ੍ਹਾਂ ਦੱਸਿਆ ਕਿ ਕਾਂਗਰਸੀ ਵਰਕਰਾਂ ਦੀ ਮਦਦ ਨਾਲ ਸਾਬਕਾ ਵਿਧਾਇਕ ਜੋਗਿੰਦਰ ਪਾਲ ਦੀ ਅਗਵਾਈ ਹੇਠ ਪਹਿਲਾਂ ਵੀ 25 ਹਜ਼ਾਰ ਦੇ ਕਰੀਬ ਫਾਰਮ ਚੰਡੀਗੜ੍ਹ ਸਥਿਤ ਦਫ਼ਤਰ ਵਿਚ ਜਮ੍ਹਾਂ ਕਰਵਾਏ ਜਾ ਚੁੱਕੇ ਹਨ ਤੇ ਹੁਣ 5100 ਫਾਰਮ ਜਮ੍ਹਾਂ ਕਰਵਾਏ ਗਏ | ਉਨ੍ਹਾਂ ਕਿਹਾ ਕਿ ਸਾਬਕਾ ਵਿਧਾਇਕ ਜੋਗਿੰਦਰ ਪਾਲ ਦੀ ਸਿਹਤ ਠੀਕ ਨਾ ਹੋਣ ਦੇ ਬਾਵਜੂਦ ਵੀ ਕਾਂਗਰਸੀ ਵਰਕਰਾਂ 'ਚ ਜੋਸ਼ ਤੇ ਫਾਰਮ ਭਰਨ ਅਤੇ ਜਮ੍ਹਾਂ ਕਰਨ ਦੇ ਤਰੀਕੇ ਨੇ ਭਾਰਤੀ ਜਨਤਾ ਪਾਰਟੀ ਦਾ ਅਸਲੀ ਚਿਹਰਾ ਨੰਗਾ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਵਲੋਂ ਭਾਜਪਾ ਦਾ ਪਰਦਾਫਾਸ਼ ਕਰਨ ਨਾਲ ਕੇਂਦਰ 'ਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦਾ ਅਸਲੀ ਚਿਹਰਾ ਹੁਣ ਜਨਤਾ ਦੇ ਸਾਹਮਣੇ ਆ ਗਿਆ ਹੈ | ਭਾਜਪਾ ਦਾ ਵੋਟ ਸ਼ੇਅਰ ਹੌਲੀ ਹੌਲੀ ਤੇਜ਼ੀ ਨਾਲ ਘਟਿਆ ਹੈ, ਕਿਉਂਕਿ ਜਨਤਾ ਨੇ ਭਾਜਪਾ ਦਾ ਅਸਲੀ ਚਿਹਰਾ ਦੇਖ ਲਿਆ ਹੈ | ਆਉਣ ਵਾਲੀਆਂ ਚੋਣਾਂ ਵਿਚ ਭਾਜਪਾ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਵੇਗਾ ਅਤੇ ਕਾਂਗਰਸ ਤੇਜ਼ੀ ਨਾਲ ਸੱਤਾ 'ਚ ਵਾਪਸ ਆਉਣ ਲਈ ਤਿਆਰ ਹੈ | ਉਨ੍ਹਾਂ ਕਿਹਾ ਕਿ ਹਰ ਕਾਂਗਰਸੀ ਵਰਕਰ ਦਾ ਧੰਨਵਾਦ ਹੈ, ਜੋ ਜ਼ਮੀਨੀ ਪੱਧਰ 'ਤੇ ਪਾਰਟੀ ਲਈ ਸਖ਼ਤ ਮਿਹਨਤ ਕਰਦਾ ਹੈ | ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਨੂੰ ਸਾਬਕਾ ਵਿਧਾਇਕ ਜੋਗਿੰਦਰ ਪਾਲ ਵਲੋਂ ਜੋ ਡਿਊਟੀ ਸੌਂਪੀ ਗਈ ਸੀ, ਉਹ ਫਾਰਮ ਜਮ੍ਹਾਂ ਕਰਵਾਉਣ ਲਈ ਕਾਂਗਰਸ ਭਵਨ ਪਹੁੰਚੇ | ਉਨ੍ਹਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਜਲਦੀ ਹੀ ਸਾਬਕਾ ਵਿਧਾਇਕ ਜੋਗਿੰਦਰ ਪਾਲ ਆਪਣੇ ਹਲਕੇ ਦੇ ਲੋਕਾਂ ਨੂੰ ਮਿਲਣਗੇ |