ਬਟਾਲਾ, 18 ਅਕਤੂਬਰ (ਸਤਿੰਦਰ ਸਿੰਘ)-ਦ ਮਿਲੇਨੀਅਮ ਸਕੂਲ ਬਟਾਲਾ ਵਿਚ ਦੀਵਾਲੀ ਦਾ ਤਿਉਹਾਰ ਬਹੁਤ ਉਤਸ਼ਾਹ, ਉਮੰਗ ਅਤੇ ਏਕਤਾ ਨਾਲ ਮਨਾਇਆ ਗਿਆ | ਸਾਰੇ ਸਕੂਲ ਕੈਂਪਸ ਨੂੰ ਰੰਗ-ਬਿਰੰਗੀਆਂ ਰੰਗੋਲੀਆਂ, ਦੀਵਿਆਂ ਅਤੇ ਲਾਇਟਾਂ ਨਾਲ ਸੁੰਦਰ ਤਰੀਕੇ ਨਾਲ ਸਜਾਇਆ ਗਿਆ, ਜਿਸ ਨਾਲ ਪੂਰੇ ਸਕੂਲ ਦਾ ਮਾਹੌਲ ਰੌਣਕ ਤੇ ਖੁਸ਼ੀ ਨਾਲ ਭਰ ਗਿਆ | ਹਰ ਪਾਸੇ ਉਤਸਵ ਦੀ ਚਮਕ ਤੇ ਵਿਦਿਆਰਥੀਆਂ ਦੀ ਖੁਸ਼ੀ ਨਜਰ ਆ ਰਹੀ ਸੀ | ਸਮਾਗਮ ਦੀ ਸ਼ੁਰੂਆਤ ਕਲਾਸ ਚੌਥੀ-ਬੀ ਵਲੋਂ ਇਕ ਵਿਸ਼ੇਸ਼ ਅਸੈਂਬਲੀ ਨਾਲ ਹੋਈ | ਵਿਦਿਆਰਥੀਆਂ ਨੇ ਦੀਵਾਲੀ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ ਅਤੇ ਸਭ ਨੂੰ ਇਹ ਸੰਦੇਸ਼ ਦਿੱਤਾ ਕਿ ਸਾਨੂੰ ਪਟਾਕਿਆਂ ਤੋਂ ਦੂਰ ਰਹਿ ਕੇ ਵਾਤਾਵਰਣ ਦੀ ਸੰਭਾਲ ਕਰਦਿਆਂ ਸਾਫ਼ ਤੇ ਹਰੀ-ਭਰੀ ਦੀਵਾਲੀ ਮਨਾਉਣੀ ਚਾਹੀਦੀ ਹੈ | ਵਿਦਿਆਰਥੀਆਂ ਵਲੋਂ ਹੁਲਾ ਹੂਪ ਦਾ ਸੁੰਦਰ ਨਾਚ ਅਤੇ ਭਾਵਪੂਰਨ ਸ਼ਬਦ ਗਾਇਨ ਪੇਸ਼ ਕੀਤਾ ਗਿਆ, ਜਿਸ ਨੇ ਸਭ ਦਾ ਮਨ ਮੋਹ ਲਿਆ | ਅਧਿਆਪਕ ਗੁਰਜੀਤ ਸਿੰਘ ਨੇ ਦੀਵਾਲੀ 'ਤੇ ਵਿਸ਼ੇਸ਼ ਪੇਸ਼ਕਾਰੀ ਦਿੱਤੀ | ਸਕੂਲ ਵਲੋਂ ਕਰਵਾਏ ਦੀਵਾਲੀ ਕ੍ਰਾਫਟ ਬਣਾਉਣ ਦੇ ਮੁਕਾਬਲੇ ਵਿਚ ਬੱਚਿਆਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ | ਉਨ੍ਹਾਂ ਆਪਣੇ ਸੁੰਦਰ ਕ੍ਰਾਫਟ ਅਤੇ ਸਜਾਵਟੀ ਸਾਮਾਨ ਤਿਆਰ ਕਰ ਕੇ ਆਪਣੀ ਰਚਨਾਤਮਕਤਾ ਦਰਸਾਈ | ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ, ਜਿਸ ਨਾਲ ਉਨ੍ਹਾਂ ਦਾ ਹੋਸਲਾ ਹੋਰ ਵਧ ਗਿਆ | ਇਸ ਮੌਕੇ ਸਾਰੇ ਅਧਿਆਪਕਾਂ ਤੇ ਸਟਾਫ ਮੈਂਬਰਾਂ ਨੂੰ ਵੀ ਤੋਹਫੇ ਭੇਟ ਕੀਤੇ ਗਏ ਅਤੇ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ ਗਈਆਂ | ਸਕੂਲ ਦੇ ਨਿਰਦੇਸ਼ਕ ਸ਼੍ਰੀ ਵਰੁਣ ਖੋਸਲਾ ਅਤੇ ਡਾਇਰੈਕਟਰ ਪਾਇਲ ਖੋਸਲਾ ਨੇ ਪੂਰੇ ਸਕੂਲ ਪਰਿਵਾਰ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ ਅਤੇ ਸਭ ਨੂੰ ਵਾਤਾਵਰਣ ਦੀ ਸੁਰੱਖਿਆ ਦਾ ਸੰਦੇਸ਼ ਦਿੱਤਾ | ਉਨ੍ਹਾਂ ਕਿਹਾ ਕਿ ਅਸਲ ਦੀਵਾਲੀ ਉਹੀ ਹੈ, ਜਦੋਂ ਅਸੀਂ ਕੁਦਰਤ ਦੀ ਰੱਖਿਆ ਕਰਦਿਆਂ ਖੁਸ਼ੀਆਂ ਵੰਡਦੇ ਹਾਂ | ਪਿ੍ੰਸਿਪਲ ਸ੍ਰੀ ਗੁਰਮੀਤ ਸਿੰਘ ਨੇ ਵੀ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੰਦਿਆਂ ਸਭ ਨੂੰ ਈਕੋ-ਫਰੈਂਡਲੀ ਦੀਵਾਲੀ ਮਨਾਉਣ ਦਾ ਸੰਦੇਸ਼ ਦਿੱਤਾ ਅਤੇ ਕਿਹਾ ਕਿ ਸਾਨੂੰ ਦੀਵਾਲੀ ਦਾ ਅਸਲ ਅਰਥ ਪ੍ਰਕਾਸ਼, ਪਿਆਰ ਅਤੇ ਚੰਗਾਈ ਦੀ ਜਿੱਤ ਆਪਣੇ ਜੀਵਨ ਵਿਚ ਲਾਗੂ ਕਰਨਾ ਚਾਹੀਦਾ ਹੈ |