ਕਾਦੀਆਂ, 22 ਨਵੰਬਰ (ਹਰਦੀਪ ਸਿੰਘ ਸੰਧੂ, ਕੁਲਵਿੰਦਰ ਸਿੰਘ)- ਨਗਰ ਕੌਂਸਲ ਕਾਦੀਆਂ ਵਲੋਂ ਸਬਜ਼ੀ ਮੰਡੀ ਕੋਲ ਬਣਾਏ ਕੂੜੇ ਦੇ ਡੰਪ ਨੂੰ ਸ਼ਰਾਰਤੀ ਅਨਸਰਾਂ ਵਲੋਂ ਦੋ-ਤਿੰਨ ਦਿਨਾਂ ਤੋਂ ਲਗਾਈ ਜਾ ਰਹੀ ਅੱਗ ਦੇ ਧੂਏਾ ਕਾਰਨ ਪ੍ਰੇਸ਼ਾਨ ਸਥਾਨਕ ਲੋਕਾਂ ਤੇ ਦੁਕਾਨਦਾਰਾਂ ਵਲੋਂ ਨਗਰ ਕੌਂਸਲ ਕਾਦੀਆਂ ਤੇ ਪੰਜਾਬ ਸਰਕਾਰ ਖਿਲਾਫ਼ ਧਰਨਾ ਪ੍ਰਦਰਸ਼ਨ ਕੀਤਾ ਗਿਆ | ਸਥਾਨਕ ਦੁਕਾਨਦਾਰਾਂ ਤੇ ਆਗੂਆਂ ਨੇ ਦੱਸਿਆ ਕਿ ਨਗਰ ਕੌਂਸਲ ਕਾਦੀਆਂ ਵਲੋਂ ਸਬਜ਼ੀ ਮੰਡੀ ਦੇ ਨਜ਼ਦੀਕ ਬਣਾਏ ਗਏ ਕੂੜੇ ਦੇ ਡੰਪ ਨੂੰ 2-3 ਦਿਨਾਂ ਵਿਚ ਸ਼ਰਾਰਤੀ ਅਨਸਰਾਂ ਵਲੋਂ ਅੱਗ ਲਗਾਈ ਜਾ ਰਹੀ ਹੈ, ਜਿਸ ਕਾਰਨ ਅੱਗ ਤੋਂ ਉੱਠਣ ਵਾਲਾ ਭਿਆਨਕ ਬਦਬੂਦਾਰ ਧੂੰਆਂ ਲੋਕਾਂ ਦੇ ਘਰਾਂ ਵਿਚ ਜਾ ਰਿਹਾ ਹੈ ਅਤੇ ਲੋਕਾਂ ਦਾ ਸਾਹ ਲੈਣਾ ਔਖਾ ਹੋਇਆ ਪਿਆ ਹੈ | ਉਨ੍ਹਾਂ ਦੱਸਿਆ ਕਿ ਇਸ ਧੂੰਏ ਦੇ ਕਾਰਨ ਇਲਾਕੇ ਵਿਚ ਭਿਆਨਕ ਬਿਮਾਰੀਆਂ ਫੈਲ ਸਕਦੀਆਂ ਹਨ, ਲੋਕਾਂ ਦਾ ਜਾਨੀ ਨੁਕਸਾਨ ਹੋ ਸਕਦਾ ਪਰ ਨਗਰ ਕੌਂਸਲ ਕਾਦੀਆਂ ਵਲੋਂ ਇਸ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ | ਇਥੇ ਦੱਸ ਦਈਏ ਕਿ ਨਗਰ ਕੌਂਸਲ ਕਾਦੀਆਂ ਵਲੋਂ ਲਗਾਤਾਰ ਫਾਇਰ ਬਿ੍ਗੇਡ ਦੀਆਂ ਗੱਡੀਆਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਜਾ ਰਿਹਾ ਪਰ ਰੋਜ਼ਾਨਾ ਹੀ ਕੋਈ ਸ਼ਰਾਰਤੀ ਅਨਸਰ ਅੱਗ ਲਗਾ ਕੇ ਚਲਿਆ ਜਾਂਦਾ ਹੈ | ਲੋਕਾਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਕੂੜੇ ਦੇ ਡੰਪ ਨੂੰ ਇਥੋਂ ਚੁਕਵਾਇਆ ਜਾਵੇ |