ਬਟਾਲਾ, 22 ਨਵੰਬਰ (ਸਤਿੰਦਰ ਸਿੰਘ)- ਇਲਾਕੇ ਵਿਚ ਆਪਣੀ ਵਿਲੱਖਣ ਪਹਿਚਾਣ ਬਣਾਉਣ ਵਾਲੀ ਸੰਸਥਾ ਰੈਂਕਰਜ਼ ਇੰਟਰਨੈਸ਼ਨਲ ਪਬਲਿਕ ਸਕੂਲ ਅਤੇ ਖੇਡ ਅਕੈਡਮੀ ਕੋਟ ਧੰਦਲ ਵਲੋਂ ਰੈਂਕਰਜ਼ ਸਕੂਲ ਦਾ ਤੀਸਰਾ ਸਾਲਾਨਾ ਸਮਾਗਮ 'ਥੀਮ' ਵਿਰਾਸਤ-ਏ-ਪੰਜਾਬ' ਦੇ ਅਧੀਨ ਕਰਵਾਇਆ ਗਿਆ | ਜਿਵੇਂ ਕਿ ਇਸ ਸਮਾਗਮ ਦਾ ਨਾਮ ਹੀ ਵਿਰਾਸਤ-ਏ-ਪੰਜਾਬ ਸੀ, ਇਸ ਲਈ ਸਕੂਲ ਵਲੋਂ ਪੰਜਾਬ ਦੇ ਅਮੀਰ ਸੱਭਿਆਚਾਰ ਦੀ ਵਿਰਾਸਤ ਨੂੰ ਬਹੁਤ ਸੋਹਣੇ ਢੰਗ ਨਾਲ ਪੇਸ਼ ਕੀਤਾ ਗਿਆ | ਰੈਂਕਰਜ਼ ਵਲੋਂ ਕਰਵਾਏ ਗਏ ਇਸ ਵਿਸ਼ੇਸ਼ ਸਮਾਗਮ ਵਿਚ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਵਲੋਂ ਪੰਜਾਬ ਦੇ ਸਮਾਜਿਕ ਤਾਣੇ-ਬਾਣੇ, ਰਿਸ਼ਤੇ-ਨਾਤਿਆਂ ਅਤੇ ਰੀਤੀ-ਰਿਵਾਜਾਂ ਨੂੰ ਅਜਿਹੇ ਮਨ-ਮੋਹ ਲੈਣ ਵਾਲੇ ਅੰਦਾਜ਼ ਵਿਚ ਪੇਸ਼ ਕੀਤਾ ਗਿਆ ਕਿ ਹਰ ਇਕ ਮਾਪੇ ਤੇ ਹੋਰ ਪਤਵੰਤਿਆਂ ਦੀ ਖੁਸ਼ੀ ਦੇਖਦੇ ਹੀ ਬਣਦੀ ਸੀ | ਜ਼ਿਕਰਯੋਗ ਹੈ ਕਿ ਇਸ ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਕੀਰਤਨ ਕਰਨ ਉਪਰੰਤ ਸੰਸਥਾ ਦੇ ਸੰਸਥਾਪਕ ਚੇਅਰਮੈਨ ਸਵ: ਮੋਹਨ ਸਿੰਘ ਧੰਦਲ ਨੂੰ ਯਾਦ ਕਰਦਿਆਂ ਕੀਤੀ ਗਈ | ਉਪਰੰਤ ਪਤਵੰਤੇ ਸੱਜਣਾਂ, ਮਹਿਮਾਨਾਂ ਤੇ ਸੰਸਥਾ ਦੇ ਨੁਮਾਇੰਦਿਆਂ ਵਲੋਂ ਜਯੋਤੀ ਜਗਾਈ ਗਈ | ਇਸ ਤੋਂ ਬਾਅਦ ਸੰਸਥਾ ਦੇ ਹੋਣਹਾਰ ਵਿਦਿਆਰਥੀਆਂ ਵਲੋਂ ਪੰਜਾਬ ਦੀ ਵਿਰਾਸਤ ਪ੍ਰਭਾਤ ਫੇਰੀ, ਪੰਜਾਬ ਦੇ ਪੁਰਾਤਨ ਵਿਆਹ ਦੀ ਹੂ-ਬਹੂ ਝਲਕ ਦਿਖਾਉਂਦਿਆਂ ਵਿਆਹ ਦੇ ਸਮੇਂ ਵਿਚ ਦਿੱਤੀਆਂ ਜਾਣ ਵਾਲੀਆਂ ਸਿੱਠਣੀਆਂ, ਨੋਕ-ਝੋਕ ਅਤੇ ਲੋਕ ਨਾਚ ਦਿਖਾਇਆ ਗਿਆ | ਇਸ ਲੜੀ ਵਿਚ ਵਿਦਿਆਰਥੀਆਂ ਵਲੋਂ ਪੰਜਾਬ ਉਪਰ ਸਮੇਂ-ਸਮੇਂ ਆਈਆਂ ਔਕੜਾਂ ਦਾ ਮੁਕਾਬਲਾ ਕਰਦੇ ਹੋਏ ਕਦੀ ਨਾ ਹਾਰ ਮੰਨਣ ਵਾਲੇ ਪੰਜਾਬੀ ਜਜ਼ਬੇ ਨੂੰ ਦਿਖਾਇਆ ਗਿਆ | ਵਿਦਿਆਰਥੀਆਂ ਵਲੋਂ ਖਾਲਸਾ ਪੰਥ ਦੀ ਸਥਾਪਨਾ ਅਤੇ ਗਤਕੇ ਦੀ ਪੇਸ਼ਕਾਰੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ | ਸਮਾਗਮ ਦੇ ਆਖਰੀ ਪਲਾਂ ਵਿਚ ਮਨਮੋਹਕ ਭੰਗੜਾ ਤੇ ਗਿੱਧਾ ਪੇਸ਼ ਕੀਤਾ ਗਿਆ | ਇਸ ਸਮਾਗਮ ਨੂੰ ਸਮਾਪਤੀ ਵੱਲ ਤੋਰਦਿਆਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਵਾਲੇ ਵੱਖ-ਵੱਖ ਵਿੱਦਿਅਕ ਅਦਾਰਿਆਂ ਦੀ ਸਰਪ੍ਰਸਤੀ ਕਰ ਚੁੱਕੇ ਸ: ਬਚਨ ਸਿੰਘ ਦਿਓਲ ਸੇਵਾ ਮੁਕਤ ਪਿ੍ੰਸੀਪਲ ਨੇ ਪ੍ਰੋਗਰਾਮ ਵਿਚ ਆਏ ਸਾਰੇ ਮਾਪਿਆਂ ਨਾਲ ਆਪਣੇ ਨਿੱਜੀ ਅਨੁਭਵ ਸਾਂਝਾ ਕਰਦਿਆਂ ਅਤੇ ਸਮਾਗਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਰੈਂਕਰਜ ਵਲੋਂ ਚੁਣਿਆ ਗਿਆ ਵਿਸ਼ਾ ਵਿਰਾਸਤ-ਏ-ਪੰਜਾਬ ਆਪਣੇ ਆਪ ਵਿਚ ਪ੍ਰਸ਼ੰਸਾ ਦਾ ਪਾਤਰ ਹੈ | ਉਨ੍ਹਾਂ ਕਿਹਾ ਕਿ ਏਨੇ ਵੱਡੇ ਮੰਚ ਉਪਰੋਂ ਏਨੀ ਛੋਟੀ ਉਮਰ ਵਿਚ ਵਿਦਿਆਰਥੀਆਂ ਵਲੋ ਜਿਵੇਂ ਪੰਜਾਬ ਦਾ ਵਿਰਸਾ ਦਰਸਾਇਆ ਗਿਆ, ਉਹ ਬੇਮਿਸਾਲ ਤੇ ਖ਼ਾਸ ਅਨੁਭਵ ਕਰਵਾਉਣ ਵਾਲਾ ਸੀ | ਉਨ੍ਹਾਂ ਸਾਰੇ ਮਾਪਿਆਂ ਨੂੰ ਇਹ ਅਪੀਲ ਕੀਤੀ ਕਿ ਸਾਨੂੰ ਆਪਣੇ ਬੱਚਿਆਂ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਨਾ ਚਾਹੀਦਾ ਹੈ ਤਾਂ ਜੋ ਉਹ ਜ਼ਿੰਦਗੀ ਦੀ ਹਰ ਕਾਮਯਾਬੀ ਦੀ ਮੰਜ਼ਿਲ ਛੂੰਹਦੇ ਹੋਏ ਵੀ ਆਪਣੇ ਸੰਸਕਾਰ, ਰੀਤੀ-ਰਿਵਾਜ ਤੇ ਕਦਰ-ਕੀਮਤਾਂ ਨੂੰ ਨਾ ਭੁੱਲਣ | ਸੰਸਥਾ ਦੇ ਪਿ੍ੰਸੀਪਲ ਹਰਵਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਇਸ ਵਿਦਿਅਕ ਸੰਸਥਾ ਦਾ ਇਹ ਸਾਲਾਨਾ ਸਮਾਗਮ ਅੱਜ ਦੇ ਸਮੇਂ 'ਚ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਹੇਠ ਆਪਣੇ ਅਮੀਰ ਵਿਰਸੇ ਨੂੰ ਭੁੱਲਦੇ ਜਾ ਰਹੇ ਵਿਦਿਆਰਥੀਆਂ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਨ ਦੀ ਇਕ ਕੋਸ਼ਿਸ਼ ਹੈ | ਉਨ੍ਹਾਂ ਦੱਸਿਆ ਕਿ ਇਸ ਪੂਰੇ ਸਮਾਗਮ 'ਚ ਸਕੂਲ ਦੇ ਲਗਪਗ 900 ਵਿਦਿਆਰਥੀਆਂ ਵਲੋਂ ਭਾਗ ਲਿਆ ਗਿਆ ਜਿਸ ਸਦਕਾ ਇਸ ਸਮਾਗਮ 'ਚ 2 ਹਜ਼ਾਰ ਤੋਂ ਵੀ ਜ਼ਿਆਦਾ ਮਾਪਿਆਂ ਵਲੋਂ ਸ਼ਿਰਕਤ ਕੀਤੀ ਗਈ | ਉਨ੍ਹਾਂ ਵਲੋਂ ਵਿਦਿਆਰਥੀਆਂ ਤੇ ਮਾਪਿਆਂ ਦੇ ਨਾਲ ਪੂਰੀ ਰੈਂਕਰਜ਼ ਟੀਮ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਸੰਸਥਾ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਗੱਬਰ, ਗੁਰਨਾਮ ਸਿੰਘ ਧੰਦਲ, ਬਲਬੀਰ ਸਿੰਘ ਬਾਜਵਾ ਡੀ.ਡੀ.ਐੱਮ.ਓ., ਬਲਵਿੰਦਰ ਸਿੰਘ ਬਹਾਦੁਰ ਹੁਸੈਨ ਜਨਰਲ ਸਕੱਤਰ ਕਾਂਗਰਸ ਜ਼ਿਲ੍ਹਾ ਕਮੇਟੀ, ਸੰਤੋਖ ਸਿੰਘ ਬਲੱਗਣ ਸਾਬਕਾ ਸਰਪੰਚ, ਕਪੂਰ ਸਿੰਘ ਬਾਜਵਾ, ਜਥੇ. ਬਘੇਲ ਸਿੰਘ ਸੰਧੂ ਸਾ. ਮੈਨੇਜਰ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮਿ੍ਤਸਰ, ਮਿੰਟੂ ਸਿੰਘ ਘੁੰਮਣ ਸਾਬਕਾ ਸਰਪੰਚ, ਬੱਬੂ ਸਲਾਹਪੁਰ ਸਾਬਕਾ ਸਰਪੰਚ, ਚਰਨਜੀਤ ਸਿੰਘ, ਨਵਦੀਪ ਸਿੰਘ ਬਲੱਗਣ, ਹਰਪਾਲ ਸਿੰਘ ਧਾਲੀਵਾਲ, ਮਨਜੀਤ ਸਿੰਘ ਗੋਲਡੀ ਹਾਜ਼ਰ ਸਨ |