ਸ੍ਰੀ ਹਰਿਗੋਬਿੰਦਪੁਰ, 5 ਦਸੰਬਰ (ਕੰਵਲਜੀਤ ਸਿੰਘ ਚੀਮਾ)- ਜ਼ਿਲ੍ਹਾ ਗੁਰਦਾਸਪੁਰ ਨੇੜੇ ਵਿਧਾਨ ਸਭਾ ਹਲਕਾ ਸ੍ਰੀ ਹਰਿਗੋਬਿੰਦਪੁਰ ਦੇ ਨਜ਼ਦੀਕ ਬੱਤੀਆਂ ਵਾਲੇ ਚੌਕ ਵਿਚ ਪ੍ਰਵਾਸੀਆਂ ਵਲੋਂ ਲਗਾਏ ਗਏ ਵੇਲਣੇ ਵਿਚ ਗੁੜ੍ਹ ਤਿਆਰ ਕਰਨ ਸਮੇਂ ਵਰਤੀ ਜਾਂਦੀ ਘਟੀਆ ਪੱਧਰ ਦੀ ਸਮੱਗਰੀ, ਜਿਸ ਵਿਚ ਤੇਜ਼ਾਬ, ਖੰਡ, ਜ਼ਹਿਰੀਲੇ ਪੱਧਰ ਦਾ ਕੈਮੀਕਲ ਪਾਉਣ ਦਾ ਦੋਸ਼ ਲਗਾਉਂਦੇ ਹੋਏ ਮੌਕੇ 'ਤੇ ਪੁੱਜੇ ਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜ਼ਿਲ੍ਹਾ ਗੁਰਦਸਾਪੁਰ ਦੇ ਪ੍ਰਧਾਨ ਪਲਵਿੰਦਰ ਸਿੰਘ ਮਠੋਲਾ ਵਲੋਂ ਆਪਣੇ ਸਾਥੀਆਂ ਸਮੇਤ ਛਾਪਾ ਮਾਰਿਆ ਗਿਆ | ਉਨ੍ਹਾਂ ਨੇ ਵੇਲਣੇ 'ਤੇ ਪੁੱਜ ਕੇ ਘਟੀਆ ਪੱਧਰ ਦਾ ਕੈਮੀਕਲ ਅਤੇ 2 ਕੈਨ ਤੇਜ਼ਾਬ ਦੇ ਵੀ ਉੱਥੇ ਫੜੇ ਹਨ | ਉਨ੍ਹਾਂ ਨੇ ਦੋਸ਼ ਲਗਾਇਆ ਗਿਆ ਸਿਹਤ ਵਿਭਾਗ ਅਤੇ ਫੂਡ ਸੇਫ਼ਟੀ ਵਿਭਾਗ ਗੁਰਦਾਸਪੁਰ ਦੀਆਂ ਅੱਖਾਂ ਦੇ ਸਾਹਮਣੇ ਘਟੀਆ ਪੱਧਰ ਦਾ ਗੁੜ ਤਿਆਰ ਕਰ ਕੇ ਲੋਕਾਂ ਨੂੰ ਵੇਚਿਆ ਜਾ ਰਿਹਾ ਹੈ ਜਿਸ ਨਾਲ ਲੋਕਾਂ ਦੀ ਸਿਹਤ ਨਾਲ ਸਿੱਧਾ ਖਿਲਵਾੜ ਹੋ ਰਿਹਾ ਹੈ | ਇਸ ਸਮੇਂ ਜਦੋਂ ਕਿਸਾਨ ਗੁੜ ਤਿਆਰ ਕਰਨ ਵਾਲੇ ਵੇਲਣੇ 'ਤੇ ਪੁੱਜੇ ਤਾਂ ਪਹਿਲਾਂ ਤਾਂ ਵੇਲਣੇ 'ਤੇ ਗੁੜ੍ਹ ਵੇਚਣ ਵਾਲੇ ਮਾਲਕ ਅਤੇ ਪ੍ਰਵਾਸੀ ਮਜ਼ਦੂਰ ਉੱਥੇ ਮੌਜੂਦ ਸਨ | ਜਦੋਂ ਕਿਸਾਨਾਂ ਨੇ ਵੇਲਣੇ 'ਤੇ ਪੁੱਜ ਕੇ ਖੋਰੀ ਥੱਲੇ ਲੁਕਾ ਕੇ ਰੱਖੀ ਗਈ ਘਟੀਆ ਪੱਧਰ ਦੀ ਖੰਡ ਅਤੇ ਇਕ ਕਮਰੇ ਵਿਚ ਰੱਖੇ ਗਏ 2 ਕੈਨ ਤੇਜ਼ਾਬ ਜਿਨ੍ਹਾਂ ਵਿਚ ਤਕਰੀਬਨ 90 ਲੀਟਰ ਦੇ ਕਰੀਬ ਤੇਜ਼ਾਬ ਭਰਿਆ ਹੋਇਆ ਸੀ ਤੇ ਜੜ੍ਹੀ ਬੂਟੀ ਵਾਲਾ ਕੈਮੀਕਲ ਜੋ ਕਿ ਗੰਨੇ ਦੇ ਰਸ (ਰਹੁ) ਵਿਚ ਪਾ ਕੇ ਗੁੜ ਦਾ ਰੰਗ ਚਿੱਟਾ ਕਰਨ ਲਈ ਵਰਤਿਆ ਜਾਂਦਾ ਸੀ, ਕਾਬੂ ਕੀਤੇ ਅਤੇ ਇਸ ਤੋਂ ਇਲਾਵਾ ਤਰਪਾਲਾਂ ਦੇ ਥੱਲੇ ਲੁਕਾ ਕੇ ਰੱਖੀ ਗਈ ਵੱਡੀ ਤਾਦਾਦ ਵਿਚ ਰਬੜ ਜੋ ਕਿ ਗੁੜ ਤਿਆਰ ਕਰਨ ਸਮੇਂ ਚੁੰਬੇ ਵਿਚ ਅੱਗ ਬਾਲਣ ਦੇ ਰੂਪ ਵਿਚ ਵਰਤੀ ਜਾਂਦੀ ਹੈ, ਜਿਸ ਦੇ ਬਲਣ ਦੇ ਨਾਲ ਬੇਹੱਦ ਪ੍ਰਦੂਸ਼ਣ ਫ਼ੈਲਦਾ ਹੈ, ਉਸ ਨੂੰ ਕਾਬੂ ਕੀਤਾ ਤਾਂ ਵੇਲਣੇ ਦਾ ਪ੍ਰਵਾਸੀ ਮਾਲਕ ਉੱਥੋਂ ਰਫ਼ੂ ਚੱਕਰ ਹੋ ਗਿਆ | ਇਸ ਮੌਕੇ ਪ੍ਰਧਾਨ ਪਲਵਿੰਦਰ ਸਿੰਘ ਮਠੋਲਾ ਨੇ ਕਿਹਾ ਕਿ ਤੇਜ਼ਾਬ ਤੇ ਹੋਰ ਜ਼ਹਿਰੀਲੇ ਪਥਾਰਥ ਵਰਤ ਕੇ ਪ੍ਰਵਾਸੀ ਲੋਕਾਂ ਵਲੋਂ ਇਸ ਵੇਲਣੇ 'ਤੇ ਗੁੜ ਤਿਆਰ ਕਰ ਕੇ ਵੇਚਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸਰਕਾਰ, ਸਿਹਤ ਵਿਭਾਗ ਤੇ ਫੂਡ ਸੇਫ਼ਟੀ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਇਹ ਵੇਲਣਾ ਚਲਾਉਣ ਦੀ ਮਨਜ਼ੂਰੀ ਵੀ ਨਹੀਂ ਲਈ ਗਈ ਹੈ | ਉਨ੍ਹਾਂ ਕਿਹਾ ਕਿ ਜਦੋਂ ਕਿਸਾਨ ਪਰਾਲੀ ਨੂੰ ਅੱਗ ਲਗਾਉਂਦਾ ਹੈ ਤਾਂ ਪ੍ਰਸ਼ਾਸਨ ਵਲੋਂ ਕਿਸਾਨ 'ਤੇ ਪਰਚਾ ਕਰ ਦਿੱਤਾ ਜਾਂਦਾ ਹੈ ਅਤੇ ਇਥੇ ਰੋਜ਼ਾਨਾ ਹੀ ਕੁਇੰਟਲਾਂ ਦੇ ਹਿਸਾਬ ਨਾਲ ਰਬੜ ਬਾਲ ਕੇ ਪ੍ਰਦੂਸ਼ਣ ਵੀ ਹੁੰਦਾ ਹੈ ਤੇ ਘਟੀਆ ਪੱਧਰ ਦਾ ਤਿਆਰ ਕੀਤਾ ਗੁੜ ਵੀ ਵੇਚਿਆ ਜਾ ਰਿਹਾ ਹੈ | ਪਲਵਿੰਦਰ ਸਿੰਘ ਨੇ ਕਿਹਾ ਕਿ ਇਕ ਹਫ਼ਤੇ ਤੱਕ ਜੇਕਰ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਸੰਘਰਸ਼ ਵਿੱਢੇਗੀ | ਜਦੋਂ ਇਸ ਸੰਬੰਧੀ ਵੇਲਣਾ ਚਲਾਉਣ ਵਾਲੇ ਪ੍ਰਵਾਸੀ ਮਾਲਕ ਦਾ ਪੱਖ ਜਾਨਣ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਮੌਜੂਦ ਪ੍ਰਵਾਸੀ ਮਜ਼ਦੂਰਾਂ ਨੇ ਕਿਹਾ ਕਿ ਮਾਲਕ ਆਪ ਇੱਥੇ ਨਹੀਂ ਹੈ, ਉਨ੍ਹਾਂ ਨੇ ਮਾਲਕ ਦਾ ਫ਼ੋਨ ਨੰਬਰ ਦੇਣਾ ਵੀ ਮੁਨਾਸਿਬ ਨਹੀਂ ਸਮਝਿਆ ਤੇ ਮੌਕੇ ਤੋਂ ਚਲਦਾ ਵੇਲਣਾ ਬੰਦ ਕਰ ਕੇ ਇਧਰ-ਉਧਰ ਹੋ ਗਏ |