ਪਠਾਨਕੋਟ, 21 ਦਸੰਬਰ (ਸੰਧੂ)- ਪਠਾਨਕੋਟ ਤੋਂ ਸਾਬਕਾ ਵਿਧਾਇਕ ਅਤੇ ਪੰਜਾਬ ਕਾਂਗਰਸ ਦੇ ਖ਼ਜ਼ਾਨਚੀ ਅਮਿਤ ਵਿਜ ਨੇ ਅੱਜ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਮਨਰੇਗਾ ਨੂੰ ਖਤਮ ਕਰਕੇ ਨਵਾਂ ਵਿਕਸਿਤ ਭਾਰਤ ਗ੍ਰਾਮੀਣ ਰੁਜ਼ਗਾਰ ਤੇ ਆਜੀਵਕਾ ਗਾਰੰਟੀ ਮਿਸ਼ਨ ਲਿਆਂਦੇ ਜਾਣ ਦੀ ਨਿੰਦਾ ਕਰਦਿਆਂ ਇਸ ਨੂੰ ਪੰਜਾਬ ਨੂੰ ਕਮਜ਼ੋਰ ਕਰਨ ਅਤੇ ਪਿੰਡਾਂ ਦੇ ਗ਼ਰੀਬਾਂ ਤੋਂ ਉਨ੍ਹਾਂ ਦੇ ਹੱਕ ਖੋਹਣ ਦੀ ਯੋਜਨਾਬੱਧ ਸਾਜ਼ਿਸ਼ ਕਰਾਰ ਦਿੱਤਾ | ਅਮਿਤ ਵਿਜ ਨੇ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਲਿਆਂਦਾ ਗਿਆ ਮਨਰੇਗਾ ਇਕ ਇਤਿਹਾਸਕ, ਹੱਕ-ਆਧਾਰਿਤ ਕਾਨੂੰਨ ਸੀ, ਜਿਸ ਨੇ ਕਰੋੜਾਂ ਪਿੰਡ ਵਾਸੀਆਂ ਨੂੰ ਰੁਜ਼ਗਾਰ, ਇੱਜ਼ਤ ਤੇ ਆਰਥਿਕ ਸੁਰੱਖਿਆ ਦਿੱਤੀ | ਕੋਵਿਡ ਸਮੇਂ ਜਦੋਂ ਸਾਰਾ ਦੇਸ਼ ਬੇਰੁਜ਼ਗਾਰੀ ਨਾਲ ਜੂਝ ਰਿਹਾ ਸੀ, ਤਦ ਮਨਰੇਗਾ ਨੇ ਪਿੰਡਾਂ ਨੂੰ ਭੁੱਖ ਅਤੇ ਮਜ਼ਦੂਰੀ ਪਲਾਇਨ ਤੋਂ ਬਚਾਇਆ | ਅੱਜ ਭਾਜਪਾ ਉਸੇ ਕਾਨੂੰਨ ਨੂੰ ਕਮਜ਼ੋਰ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਸਭ ਤੋਂ ਖ਼ਤਰਨਾਕ ਬਦਲਾਅ ਕੇਂਦਰ ਵਲੋਂ ਆਪਣੀ ਜ਼ਿੰਮੇਵਾਰੀ ਛੱਡਣਾ ਹੈ | 'ਪਹਿਲਾਂ ਕੇਂਦਰ 90 ਫ਼ੀਸਦੀ ਖ਼ਰਚਾ ਕਰਦਾ ਸੀ ਅਤੇ ਰਾਜਾਂ ਦਾ ਹਿੱਸਾ ਸਿਰਫ਼ 10 ਫ਼ੀਸਦੀ ਸੀ | ਹੁਣ ਇਸ ਨੂੰ 60 ਫ਼ੀਸਦੀ ਕੇਂਦਰ ਤੇ 40 ਫ਼ੀਸਦੀ ਰਾਜ ਕਰ ਦਿੱਤਾ ਗਿਆ ਹੈ | ਕਰਜ਼ੇ ਵਿਚ ਡੁੱਬੇ ਪੰਜਾਬ ਲਈ ਇਹ ਸਿੱਧਾ ਧੱਕਾ ਹੈ, 125 ਦਿਨਾਂ ਦੇ ਵਾਅਦੇ ਨੂੰ ਉਨ੍ਹਾਂ 'ਕਾਗ਼ਜ਼ੀ ਧੋਖਾ ਦੱਸਿਆ | ਜਦੋਂ ਫ਼ੰਡ ਸੀਮਿਤ ਹੋਣਗੇ, ਤਦ ਗ਼ਰੀਬਾਂ ਨੂੰ ਕੰਮ ਨਹੀਂ ਮਿਲੇਗਾ ਤੇ ਭਾਜਪਾ ਦੇ ਕਾਰਪੋਰੇਟ ਦੋਸਤਾਂ ਨੂੰ ਸਸਤਾ ਤੇ ਮਜਬੂਰ ਮਜ਼ਦੂਰ ਮਿਲੇਗਾ | ਅਮਿਤ ਵਿਜ ਨੇ ਕਿਹਾ ਕਿ ਪਹਿਲਾਂ ਪਿੰਡ ਤੇ ਪੰਚਾਇਤਾਂ ਕੰਮ ਤੈਅ ਕਰਦੀਆਂ ਸਨ, ਹੁਣ ਫ਼ੈਸਲੇ ਦਿੱਲੀ ਵਿਚ ਹੋਣਗੇ | ਮਹਾਤਮਾ ਗਾਂਧੀ ਦਾ ਨਾਮ ਹਟਾਉਣ 'ਤੇ ਉਨ੍ਹਾਂ ਕਿਹਾ ਕਿ ਇਹ ਆਰ.ਐਸ.ਐਸ. ਦੀ ਮਹਾਤਮਾ ਗਾਂਧੀ ਨਾਲ ਨਫ਼ਰਤ ਨੂੰ ਦਰਸਾਉਂਦਾ ਹੈ | ਉਨ੍ਹਾਂ ਕਿਹਾ ਕਿ ਭਾਜਪਾ ਪੂਰੀ ਤਰ੍ਹਾਂ ਪੰਜਾਬ ਵਿਰੋਧੀ ਹੈ | ਕਾਲੇ ਖੇਤੀ ਕਾਨੂੰਨ, ਚੰਡੀਗੜ੍ਹ, ਪੰਜਾਬ ਯੂਨੀਵਰਸਿਟੀ, ਬੀ. ਬੀ. ਐਮ. ਬੀ. ਰਾਹੀਂ ਪਾਣੀ 'ਤੇ ਕਬਜ਼ਾ ਤੇ ਹੁਣ ਮਨਰੇਗਾ, ਇਹ ਪੰਜਾਬ 'ਤੇ ਲਗਾਤਾਰ ਹਮਲੇ ਹਨ | ਅਮਿਤ ਵਿਜ ਨੇ ਕਿਹਾ ਕਿ ਪੰਜਾਬ ਨੇ ਹਮੇਸ਼ਾ ਲੋਕਤੰਤਰਿਕ ਲੜਾਈਆਂ ਦੀ ਅਗਵਾਈ ਕੀਤੀ ਹੈ | ਪੰਜਾਬੀਆਂ ਕੋਲ ਤਾਕਤ ਹੈ ਕਿ ਉਹ ਭਾਜਪਾ ਨੂੰ ਸਿਰਫ਼ ਪੰਜਾਬ ਤੋਂ ਨਹੀਂ, ਸਗੋਂ ਪੂਰੇ ਭਾਰਤ ਤੋਂ ਬਾਹਰ ਕਰਨ |