ਤਾਰਾਗੜ੍ਹ, 21 ਦਸੰਬਰ (ਸੋਹਨ ਲਾਲ)- ਹਲਕਾ ਭੋਆ ਦੇ ਅਧੀਨ ਪੈਂਦੇ ਸਰਕਾਰੀ ਹਾਈ ਸਕੂਲ ਲਦਪਾਲਵਾਂ ਦੇ ਖੇਡ ਮੈਦਾਨ ਵਿਚ ਖ਼ਾਲਸਾ ਹਾਕੀ ਕਲੱਬ ਲਦਪਾਲਵਾਂ ਵੱਲੋਂ 29ਵਾਂ ਸਾਲਾਨਾ ਹਾਕੀ ਟੂਰਨਾਮੈਂਟ ਕਲੱਬ ਦੇ ਪ੍ਰਧਾਨ ਰਮੇਸ਼ ਬਾਬਾ ਦੀ ਅਗਵਾਈ ਹੇਠ ਕਰਵਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਸਾਬਕਾ ਵਿਧਾਇਕ ਜੋਗਿੰਦਰ ਪਾਲ ਹਾਜ਼ਰ ਹੋਏ ਜਦਕਿ ਵਿਸ਼ੇਸ਼ ਮਹਿਮਾਨਾਂ ਵਿਚ ਕਾਂਗਰਸੀ ਆਗੂ ਗੁਰਨਾਮ ਸਿੰਘ ਛੀਨਾ, ਸਾਬਕਾ ਬਲਾਕ ਪ੍ਰਧਾਨ ਸਤਿੰਦਰ ਫਿੰਕਾ, ਪਿ੍ੰਸੀਪਲ ਕਪੂਰ ਸਿੰਘ, ਕਰਨਾਲ ਫ਼ੌਜੀ ਦਰਸ਼ਨ ਸਿੰਘ ਆਦਿ ਸ਼ਾਮਲ ਸਨ | ਮੁੱਖ ਮਹਿਮਾਨ ਜੋਗਿੰਦਰ ਪਾਲ ਨੇ ਰਿਬਨ ਕੱਟ ਕੇ ਫਾਈਨਲ ਮੈਚ ਦੀ ਸ਼ੁਰੂਆਤ ਕਰਵਾਈ | ਕਲੱਬ ਦੇ ਕੋਚ ਹੁਕਮ ਸਿੰਘ ਨੇ ਦੱਸਿਆ ਕਿ ਇਸ ਸਾਲਾਨਾ ਓਪਨ ਟੂਰਨਾਮੈਂਟ ਵਿਚ ਕੁੱਲ 16 ਟੀਮਾਂ ਨੇ ਭਾਗ ਲਿਆ | ਪਹਿਲਾ ਸੈਮੀਫਾਈਨਲ ਮੈਚ ਪਠਾਨਕੋਟ ਸਪੋਰਟਸ ਕਲੱਬ ਤੇ ਥ੍ਰੀ ਡੋਗਰਾ ਦਰਮਿਆਨ ਖੇਡਿਆ ਗਿਆ ਜਿਸ ਵਿਚ ਥ੍ਰੀ ਡੋਗਰਾ ਆਰਮੀ ਕਲੱਬ ਨੇ 3-1 ਨਾਲ ਜਿੱਤ ਹਾਸਲ ਕੀਤੀ | ਦੂਜਾ ਸੈਮੀਫਾਈਨਲ 26 ਪੰਜਾਬ ਆਰਮੀ ਕਲੱਬ ਤੇ 14 ਡੋਗਰਾ ਕਲੱਬ ਵਿਚਕਾਰ ਹੋਇਆ ਜਿਸ ਵਿਚ 14 ਡੋਗਰਾ ਕਲੱਬ ਨੇ 1-0 ਨਾਲ ਜਿੱਤ ਦਰਜ ਕਰਕੇ ਫਾਈਨਲ 'ਚ ਪ੍ਰਵੇਸ਼ ਕੀਤਾ | ਫਾਈਨਲ ਮੁਕਾਬਲਾ ਥ੍ਰੀ ਡੋਗਰਾ ਕਲੱਬ ਤੇ 14 ਡੋਗਰਾ ਕਲੱਬ ਵਿਚਕਾਰ ਖੇਡਿਆ ਗਿਆ | ਪਹਿਲੇ ਹਾਫ਼ ਤੱਕ ਸਕੋਰ 0-0 ਰਿਹਾ ਜਦਕਿ ਦੂਜੇ ਹਾਫ਼ ਵਿਚ ਥ੍ਰੀ ਡੋਗਰਾ ਕਲੱਬ ਨੇ 1-0 ਨਾਲ ਮੈਚ ਜਿੱਤ ਕੇ ਖ਼ਿਤਾਬ ਆਪਣੇ ਨਾਮ ਕੀਤਾ | ਜੇਤੂ ਤੇ ਉਪ ਜੇਤੂ ਟੀਮਾਂ ਨੂੰ ਮੁੱਖ ਮਹਿਮਾਨ ਤੇ ਪ੍ਰਬੰਧਕ ਕਮੇਟੀ ਵਲੋਂ ਇਨਾਮ ਰਾਸ਼ੀ ਤੇ ਆਕਰਸ਼ਕ ਟਰਾਫ਼ੀਆਂ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਹੁਕਮ ਸਿੰਘ, ਦਲਜੀਤ ਸਿੰਘ, ਰਣਜੋਤ ਸਿੰਘ, ਗੁਰਬਖ਼ਸ਼ ਸਿੰਘ, ਰਣਜੀਤ ਸਿੰਘ, ਮਲਕੀਤ ਸਿੰਘ, ਨਰਿੰਦਰ ਕੁਮਾਰ, ਗੁਲਸ਼ਨ ਕੁਮਾਰ, ਗੁਰਨਾਮ ਸਿੰਘ, ਜੌਨੀ ਕੁਮਾਰ, ਦਵਿੰਦਰ ਕੁਮਾਰ, ਲਵਲੀ ਕੁਮਾਰ ਸਮੇਤ ਹੋਰ ਕਈ ਸਨਮਾਨਿਤ ਵਿਅਕਤੀ ਹਾਜ਼ਰ ਸਨ |