ਤਾਰਾਗੜ੍ਹ, 29 ਦਸੰਬਰ (ਸੋਹਨ ਲਾਲ)-ਤਾਰਾਗੜ੍ਹ ਦੇ ਨਜ਼ਦੀਕ ਪੈਂਦੇ ਪਿੰਡ ਪੱਖੋਚੱਕ ਵਿਚ ਵਾਟਰ ਸਪਲਾਈ ਦਾ ਪਾਣੀ ਪਿਛਲੇ ਕਾਫ਼ੀ ਦਿਨਾਂ ਤੋਂ ਗੰਦਾ ਆਉਣ ਕਾਰਨ ਪਿੰਡ ਵਾਸੀ ਬਹੁਤ ਪ੍ਰੇਸ਼ਾਨ ਹਨ | ਜਾਣਕਾਰੀ ਦਿੰਦੇ ਹੋਏ ਪਿੰਡ ਪੱਖੋਚੱਕ ਦੀ ਸਾਬਕਾ ਪੰਚਾਇਤ ਮੈਂਬਰ ਬਿੰਦੂ ਬਾਲਾ, ਸੁਮਨ ਬਾਲਾ, ਸੋਨੀਆ, ਸ਼ੀਤਲ, ਸੋਮਾ ਦੇਵੀ ਅਤੇ ਰਜਨੀ ਦੇਵੀ ਨੇ ਦੱਸਿਆ ਕਿ ਪਿਛਲੇ ਕਾਫ਼ੀ ਦਿਨਾਂ ਤੋਂ ਲਗਾਤਾਰ ਵਾਟਰ ਸਪਲਾਈ ਦਾ ਪਾਣੀ ਗੰਦਾ ਆ ਰਿਹਾ ਹੈ | ਅਸੀਂ ਕਈ ਵਾਰ ਇਸ ਸਬੰਧੀ ਮਹਿਕਮੇ ਦੇ ਐਸ.ਡੀ.ਓ. ਤੇ ਜੇ.ਈ. ਨੰੂ ਇਸ ਦੀ ਜਾਣਕਾਰੀ ਦਿੱਤੀ ਹੈ, ਪਰ ਇਸ ਦੇ ਬਾਵਜੂਦ ਵੀ ਪਾਣੀ ਲਗਾਤਾਰ ਗੰਦਾ ਆ ਰਿਹਾ ਹੈ | ਪਰ ਇਸ ਦੀ ਕੋਈ ਵੀ ਕਾਰਵਾਈ ਨਹੀਂ ਹੋਈ ਹੈ, ਜਿਸ ਕਾਰਨ ਅਸੀਂ ਗੰਦਾ ਪਾਣੀ ਪੀਣ ਲਈ ਮਜ਼ਬੂਰ ਹਾਂ | ਜੇ ਅਸੀਂ ਇਹ ਪਾਣੀ ਪੀਣ ਨਾਲ ਬਿਮਾਰ ਹੋ ਗਏ ਤਾਂ ਇਸ ਦੀ ਜ਼ਿੰਮੇਵਾਰੀ ਮਹਿਕਮੇ ਦੀ ਹੋਵੇਗੀ | ਇਨ੍ਹਾਂ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਸਾਡੇ ਪਿੰਡ ਪੱਖੋਚੱਕ ਵਿਚ ਵਾਟਰ ਸਪਲਾਈ ਦਾ ਪਾਣੀ ਸਾਫ਼ ਕੀਤਾ ਜਾਵੇ | ਇਸ ਸਬੰਧੀ ਜਦੋਂ ਮਹਿਕਮੇ ਦੇ ਐਸ.ਡੀ.ਓ. ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਵਾਟਰ ਸਪਲਾਈ ਦੇ ਟੈਂਕ ਦੇ ਨਜ਼ਦੀਕ ਲੋਹੇ ਦੀ ਪਾਈਪ ਵਿਚ ਥੋੜ੍ਹੀ ਲੀਕੇਜ ਸੀ | ਜਿਸ ਨੰੂ ਠੀਕ ਕਰਵਾ ਦਿੱਤਾ ਗਿਆ ਹੈ | ਹੁਣ ਪਾਣੀ ਗੰਦਾ ਨਹੀਂ ਆਵੇਗਾ | ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਾਣੀ ਫਿਰ ਵੀ ਗੰਦਾ ਆ ਰਿਹਾ ਹੈ |