ਘਰੋਟਾ, 29 ਦਸੰਬਰ (ਸੰਜੀਵ ਗੁਪਤਾ)-ਰਾਵੀ ਜੱਟ ਸਭਾ ਘਰੋਟਾ ਸਰਕਲ ਦੀ ਮੀਟਿੰਗ ਅਮਨਦੀਪ ਸਿੰਘ ਦੇ ਗ੍ਰਹਿ ਵਿਖੇ ਪਿੰਡ ਛਾਵਲਾ ਵਿਖੇ ਚੇਅਰਮੈਨ ਪਾਲ ਸਿੰਘ ਦੀ ਅਗਵਾਈ ਵਿਚ ਹੋਈ | ਇਸ ਮੀਟਿੰਗ ਵਿਚ ਸਭਾ ਨੇ ਕੌਮ ਅਤੇ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਵਿਸਥਾਰ ਪੂਰਵਕ ਚਰਚਾ ਕੀਤੀ | ਵਿਸ਼ੇਸ਼ ਕਰਕੇ ਦੁਕਾਨਦਾਰਾਂ ਵਲੋਂ ਕਿਸਾਨਾਂ ਨੂੰ ਮਹਿੰਗੇ ਭਾਅ ਤੇ ਖਾਦਾਂ ਅਤੇ ਦਵਾਈਆਂ ਦੇ ਨਾਲ-ਨਾਲ ਗੈਰ ਜ਼ਰੂਰੀ ਚੀਜ਼ਾਂ ਜ਼ਬਰਦਸਤੀ ਵੇਚਣ ਦੀ ਆਲੋਚਨਾ ਕੀਤੀ | ਇਸ ਮੌਕੇ ਘਰੋਟਾ ਵਿਖੇ ਬਲਾਕ ਪੱਧਰੀ ਖੇਤੀਬਾੜੀ ਅਤੇ ਬਾਗ਼ਬਾਨੀ, ਕੰਢੀ ਪ੍ਰੋਜੈਕਟ ਦਫ਼ਤਰ ਖੋਲ੍ਹਣ ਦੀ ਵੀ ਸਰਕਾਰ ਤੋਂ ਮੰਗ ਕੀਤੀ ਗਈ ਤਾਂ ਕਿ ਕਿਸਾਨਾਂ ਨੂੰ ਸਥਾਨਿਕ ਪੱਧਰ 'ਤੇ ਵਿਭਾਗ ਦੀਆਂ ਯੋਜਨਾਵਾਂ ਸਕੀਮਾਂ ਦੀ ਜਾਣਕਾਰੀ ਮਿਲ ਸਕੇ | ਅੱਜ ਦੀ ਮੀਟਿੰਗ ਵਿਚ ਪਾਲ ਸਿੰਘ ਚੇਅਰਮੈਨ, ਬਲਬੀਰ ਸਿੰਘ ਪ੍ਰਧਾਨ, ਪ੍ਰਸ਼ੋਤਮ ਸਿੰਘ ਐਡਵਾਈਜ਼ਰ, ਕੈਪਟਨ ਬਲਬੀਰ ਸਿੰਘ ਕੈਸ਼ੀਅਰ, ਸੁਖਦੇਵ ਸਿੰਘ ਸੀਨੀਅਰ ਵਾਈਸ ਪੈ੍ਰਜ਼ੀਡੈਂਟ, ਬਚਨ ਸਿੰਘ ਸੈਕਟਰੀ, ਅਮਨਦੀਪ ਸਿੰਘ ਸਰਕਲ ਇੰਚਾਰਜ, ਬਲਜੀਤ ਸਿੰਘ ਮੈਂਬਰ ਅਤੇ ਲਖਬੀਰ ਸਿੰਘ ਆਦਿ ਹਾਜ਼ਰ ਰਹੇ | ਮੀਟਿੰਗ ਵਿਚ ਕੁੱਲ 22 ਮੈਂਬਰ ਨਵੇਂ ਜੁੜੇ, ਜਿਨ੍ਹਾਂ ਵਿਚ ਇਕਬਾਲ ਸਿੰਘ ਡਾਇਰੈਕਟਰ ਕੋਆਪ੍ਰੇਟਿਵ ਬੈਂਕ, ਮਨਮੋਹਨ ਸਿੰਘ ਸਰਪੰਚ ਅਤੇ ਰਣਜੀਤ ਸਿੰਘ ਐਡਵੋਕੇਟ, ਬਲਦੇਵ ਸਿੰਘ ਕੋਠੇ ਆਦਿ ਸ਼ਾਮਿਲ ਹੋਏ | ਸਭਾ ਦੀ ਅਗਲੀ ਮੀਟਿੰਗ ਪਿੰਡ ਸਿੰਬਲੀ ਜੱਟਾਂ ਵਿਖੇ ਫਰਵਰੀ 2026 ਦੇ ਪਹਿਲੇ ਐਤਵਾਰ ਨੂੰ ਕਰਨ ਬਾਰੇ ਸਰਬਸੰਮਤੀ ਨਾਲ ਫ਼ੈਸਲਾ ਹੋਇਆ | ਅੰਤ ਵਿਚ ਸੁਖਦੇਵ ਸਿੰਘ ਸੀਨੀਅਰ ਵਾਈਸ ਪੈ੍ਰਜ਼ੀਡੈਂਟ ਵਲੋਂ ਸਭਾ ਦੀ ਮੀਟਿੰਗ ਵਿਚ ਹਾਜ਼ਰ ਸਾਰੇ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ |