ਫ਼ਾਜ਼ਿਲਕਾ, 1 ਜੂਨ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਵਿਚ ਡਰੱਗ ਕੰਟਰੋਲ ਵਿਭਾਗ ਅਤੇ ਪੁਲਿਸ ਵੱਲੋਂ ਸਾਂਝੇ ਤੌਰ 'ਤੇ ਮੈਡੀਕਲ ਸਟੋਰ 'ਤੇ ਛਾਪੇਮਾਰੀ ਕੀਤੀ ਗਈ | ਇਸ ਦੌਰਾਨ ਮੈਡੀਕਲ ਤੋਂ ਬਿਨਾਂ ਬਿੱਲ ਵਾਲੀਆਂ ਦਵਾਈਆਂ ਮਿਲਣ 'ਤੇ ਉਨ੍ਹਾਂ ਨੂੰ ਸੀਲ ਕਰ ਦਿੱਤਾ ਗਿਆ | ਇਸ ਮਾਮਲੇ ਵਿਚ ਐਸੋਸੀਏਸ਼ਨ ਦੇ ਪ੍ਰਧਾਨ ਨੇ ਦੱਸਿਆ ਕਿ ਮੈਡੀਕਲ ਸਟੋਰ ਚਲਾਉਣ ਵਾਲਿਆਂ ਨੂੰ ਬਿਨਾਂ ਕਿਸੇ ਵਜਾ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜਦਕਿ ਮੈਡੀਕਲ ਤੋਂ ਕੋਈ ਵੀ ਆਪੱਤੀ ਜਨਕ ਦਵਾਈ ਨਹੀਂ ਮਿਲੀ | ਉਨ੍ਹਾਂ ਨੇ ਬਿਨਾਂ ਕਿਸੇ ਸ਼ਿਕਾਇਤਕਰਤਾ ਦੇ ਮੈਡੀਕਲ 'ਤੇ ਰੇਡ ਕਰਨ ਦੀ ਨਿੰਦਾ ਕਰਦੇ ਹੋਏ ਸ਼ਹਿਰ ਬੰਦ ਕਰਨ ਦੀ ਚੇਤਾਵਨੀ ਦਿੱਤੀ ਹੈ | ਇਹ ਘਟਨਾ ਸੈਣੀਆਂ ਰੋਡ ਦੀ ਹੈ | ਜਾਣਕਾਰੀ ਦਿੰਦਿਆਂ ਡਰੱਗ ਕੰਟਰੋਲ ਅਧਿਕਾਰੀ ਡਾ. ਹਰੀਤਾ ਬੰਸਲ ਨੇ ਦੱਸਿਆ ਕਿ ਪੁਲਿਸ ਦੇ ਨਾਲ ਮਿਲ ਕੇ ਇਹ ਰੇਡ ਕੀਤੀ ਗਈ ਸੀ | ਦਵਾਈਆਂ ਚੈੱਕ ਕੀਤੀਆਂ ਗਈਆਂ, ਜਿਨ੍ਹਾਂ 'ਚੋਂ ਕੁੱਝ ਦਵਾਈਆਂ ਬਿਨਾਂ ਬਿੱਲ ਦੇ ਮਿਲੀਆਂ, ਜਿਨ੍ਹਾਂ ਨੂੰ ਸੀਲ ਕਰ ਦਿੱਤਾ ਗਿਆ ਹੈ | ਡਰੱਗ ਕੰਟਰੋਲ ਅਧਿਕਾਰੀ ਨੇ ਕਿਹਾ ਕਿ ਨਸ਼ੇ ਨਾਲ ਸਬੰਧਿਤ ਕੋਈ ਵੀ ਦਵਾਈ ਨਹੀਂ ਮਿਲੀ | ਹੁਣੇ ਤਕ ਲਗਭਗ 2600 ਪੇਨ ਕਿੱਲਰ ਗੋਲੀਆਂ ਮਿਲੀਆਂ ਹਨ, ਜਿਨ੍ਹਾਂ ਦਾ ਕੋਈ ਬਿੱਲ ਨਹੀਂ ਹੈ | ਉਨ੍ਹਾਂ ਨੂੰ ਸੀਲ ਕਰ ਦਿੱਤਾ ਗਿਆ ਹੈ | ਉੱਥੇ ਮੌਕੇ 'ਤੇ ਮੌਜੂਦ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਬਾਲ ਕਿ੍ਸ਼ਨ ਕਟਾਰੀਆ ਨੇ ਦੱਸਿਆ ਕਿ ਪੁਲਿਸ ਵਲ਼ੋਂ ਲਗਾਤਾਰ ਸ਼ਿਕਾਇਤ ਦੇ ਆਧਾਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ, ਪਰ ਮੈਡੀਕਲ ਤੋਂ ਕੁੱਝ ਵੀ ਨਹੀਂ ਮਿਲਿਆ | ਉਨ੍ਹਾਂ ਨੇ ਖੁੱਲੇ੍ਹ ਤੌਰ 'ਤੇ ਕਿਹਾ ਕਿ ਅਗਲੀ ਵਾਰੀ ਪੁਲਿਸ ਸ਼ਿਕਾਇਤਕਰਤਾ ਨੂੰ ਨਾਲ ਲੈ ਕੇ ਆਏ, ਨਹੀਂ ਤਾਂ ਮੈਡੀਕਲ ਚਲਾਉਣ ਵਾਲਿਆਂ ਨੂੰ ਬੇਵਜ੍ਹਾ ਤੰਗ ਕਰਨ ਕਾਰਨ ਉਨ੍ਹਾਂ ਵੱਲੋਂ ਸ਼ਹਿਰ ਨੂੰ ਬੰਦ ਕਰ ਦਿੱਤਾ ਜਾਵੇਗਾ | ਦੂਜੇ ਪਾਸੇ ਸਿਟੀ ਥਾਣਾ ਇੰਚਾਰਜ ਐੱਸ.ਐੱਚ.ਓ ਲੇਖਰਾਜ ਨੇ ਕਿਹਾ ਕਿ ਸ਼ਿਕਾਇਤਕਰਤਾ ਨੂੰ ਨਾਲ ਲਿਆਉਣਾ ਸੰਭਵ ਨਹੀਂ | ਉਨ੍ਹਾਂ ਨੇ ਦੱਸਿਆ ਕਿ ਹੁਣ ਤਕ ਤਿੰਨ ਮੈਡੀਕਲ ਸਟੋਰਾਂ ਖ਼ਿਲਾਫ਼ ਕਾਰਵਾਈ ਹੋ ਚੁੱਕੀ ਹੈ, ਜਿਨ੍ਹਾਂ ਕੋਲੋਂ ਨਸ਼ੀਲੀਆਂ ਗੋਲੀਆਂ ਅਤੇ ਪਾਬੰਦੀ ਸ਼ੁਦਾ ਕੈਪਸੂਲ ਮਿਲੇ ਹਨ, ਜਿਨ੍ਹਾਂ ਉੱਤੇ ਮੁਕੱਦਮੇ ਦਰਜ ਹੋ ਚੁੱਕੇ ਹਨ | ਇਸ ਲਈ ਇਹ ਕਾਰਵਾਈ ਅਜੇ ਹੋਰ ਜਾਰੀ ਰਹੇਗੀ |
ਫ਼ਾਜ਼ਿਲਕਾ ਵਿਚ ਡਰੱਗ ਕੰਟਰੋਲ ਵਿਭਾਗ ਅਤੇ ਪੁਲਿਸ ਨੇ ਮੈਡੀਕਲ ਸਟੋਰਾਂ ਦੀ ਕੀਤੀ ਛਾਪੇਮਾਰੀ
ਅਜੀਤ ਡੈਸਕ
02-06-2025