ਅਬੋਹਰ, 24 ਸਤੰਬਰ (ਸੁਖਜੀਤ ਸਿੰਘ ਬਰਾੜ)- ਹਲਕਾ ਅਬੋਹਰ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਰੁਣ ਨਾਰੰਗ ਵਲੋਂ ਅੱਜ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਾਲ ਲੈ ਕੇ ਹਲਕੇ ਦੇ ਹੜ੍ਹ ਪ੍ਰਭਾਵਿਤ ਪਿੰਡ ਖੂਈਆਂ ਸਰਵਰ, ਤੇਲੂਪੁਰਾ, ਦੀਵਾਨ ਖੇੜਾ, ਗਿੱਦੜਾਂ ਵਾਲੀ ਆਦਿ ਪਿੰਡਾਂ 'ਚ ਚੱਲ ਰਹੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ ਗਿਆ | ਇਸ ਦੌਰਾਨ ਉਨ੍ਹਾਂ ਹੜ੍ਹ ਪੀੜਤ ਕਿਸਾਨਾਂ ਤੇ ਪਰਿਵਾਰਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ | ਇਸ ਦੌਰਾਨ ਹਲਕਾ ਇੰਚਾਰਜ ਅਰੁਣ ਨਾਰੰਗ ਨੇ ਕਿਹਾ ਕਿ ਇਸ ਵਾਰ ਪੂਰੇ ਸੂਬੇ ਦੇ ਨਾਲ-ਨਾਲ ਅਬੋਹਰ ਇਲਾਕੇ ਦੇ ਪਿੰਡਾਂ ਖੂਈਆਂ ਸਰਵਰ, ਤੇਲੂਪੁਰਾ, ਸੱਪਾਂ ਵਾਲੀ, ਦਲਮੀਰ ਖੇੜਾ, ਪੱਟੀ ਬਿੱਲਾ, ਗਿੱਦੜਾਂ ਵਾਲੀ, ਦੀਵਾਨ ਖੇੜਾ, ਹਰੀਪੁਰਾ, ਦੌਲਤਪੁਰਾ ਆਦਿ ਪਿੰਡਾਂ 'ਚ ਵੀ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ | ਹੜ੍ਹਾਂ ਨਾਲ ਕਿਸਾਨਾਂ ਦੀਆਂ ਫ਼ਸਲਾਂ ਮਾਰੀਆਂ ਗਈਆਂ, ਬਹੁਤ ਦੁੱਖ ਹੋਇਆ | ਕਈ ਵੀਰਾਂ ਦੇ ਮਕਾਨ ਡਿਗ ਗਏ ਪਰ ਸਾਡੀ ਸਰਕਾਰ ਇਲਾਕੇ ਦੇ ਹੜ੍ਹ ਪੀੜਤਾਂ ਦੇ ਨਾਲ ਹੈ | ਅਸੀਂ ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਕਰਾਂਗੇ | ਖੇਤਾਂ 'ਚ ਭਰੇ ਹੜ੍ਹਾਂ ਦੇ ਪਾਣੀ ਨੂੰ ਕੱਢਣ ਲਈ ਵੀ ਯਤਨ ਜਾਰੀ ਹਨ | ਪਿੰਡ ਖੂਈਆਂ ਸਰਵਰ ਦੇ ਸਰਪੰਚ ਸੁਸ਼ੀਲ ਕੁਮਾਰ ਸਵਾਮੀ, ਪ੍ਰੇਮ ਕੁਮਾਰ ਕੰਬੋਜ ਤੇਲੂਪੁਰਾ ਨੇ ਵੀ ਹਲਕਾ ਇੰਚਾਰਜ ਨੂੰ ਹੜ੍ਹਾਂ ਨਾਲ ਹੋਏ ਨੁਕਸਾਨ ਬਾਰੇ ਜਾਣੂ ਕਰਵਾਇਆ ਤੇ ਹੜ੍ਹ ਪੀੜਤਾਂ ਤੇ ਮਜ਼ਦੂਰਾਂ ਦੀ ਮਦਦ ਕਰਨ ਦੀ ਵੀ ਮੰਗ ਕੀਤੀ | ਇਸ ਮੌਕੇ ਐੱਸ.ਡੀ.ਐਮ. ਕ੍ਰਿਸ਼ਨਪਾਲ ਰਾਜਪੂਤ, ਸਰਪੰਚ ਦਰਸ਼ਨਾਂ ਰਾਣੀ, ਸੁਸ਼ੀਲ ਕੁਮਾਰ ਸਵਾਮੀ, ਪ੍ਰੇਮ ਕੁਮਾਰ ਕੰਬੋਜ, ਸਾਬਕਾ ਸਰਪੰਚ ਗੁਰਮੰਗਤ ਕੰਬੋਜ, ਪੰਕਜ ਪਰੂਥੀ, ਤਿਰਲੋਚਣ ਸਿੰਘ ਬਜਾਜ ਆਦਿ ਹਾਜ਼ਰ ਸਨ |