ਫ਼ਾਜ਼ਿਲਕਾ, 24 ਸਤੰਬਰ (ਦਵਿੰਦਰ ਪਾਲ ਸਿੰਘ)- ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾ (ਮੈਗਸੀਪਾ) ਵਲੋਂ ਸਰਕਾਰੀ ਮੁਲਾਜ਼ਮਾਂ/ਅਧਿਕਾਰੀਆਂ ਨੂੰ ਦਫ਼ਤਰੀ ਕੰਮਕਾਜ ਵਿਚ ਮੁਹਾਰਤ ਪ੍ਰਦਾਨ ਦੇ ਮਕਸਦ ਨਾਲ ਦੋ ਰੋਜ਼ਾ ਟਰੇਨਿੰਗ ਪ੍ਰੋਗਰਾਮ ਸੇਵੋਤਮ ਦੇ ਸ਼ੁਰੂਆਤੀ ਸੈਸ਼ਨ ਦੌਰਾਨ ਸਮੂਹ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਟਰੇਨਿੰਗ ਲਗਾਈ ਗਈ | ਇਸ ਟਰੇਨਿੰਗ ਦੇ ਦੌਰਾਨ ਮੈਗਸੀਪਾ ਤੋਂ ਆਏ ਪ੍ਰੋਜੈਕਟ ਕੋਆਰਡੀਨੇਟਰ ਮੈਗਸੀਪਾ ਖੇਤਰੀ ਕੇਂਦਰ ਬਠਿੰਡਾ ਮਨਦੀਪ ਸਿੰਘ, ਵਕੀਲ ਵਰੁਨ ਬਾਂਸਲ ਤੇ ਜਸਕਰਨ ਸਿੰਘ ਹਾਜ਼ਰ ਹੋਏ | ਇਸ ਮੌਕੇ ਵਕੀਲ ਵਰੁਨ ਬਾਂਸਲ ਨੇ ਦੱਸਿਆ ਕਿ ਵਧੀਆ ਤਰੀਕੇ ਨਾਲ ਸਰਕਾਰੀ ਸਕੀਮਾਂ ਦੀ ਜਾਣਕਾਰੀ ਸਬੰਧਿਤ ਪ੍ਰਾਰਥੀ ਤੱਕ ਪਹੁੰਚਾਉਣ ਦੇ ਮਕਸਦ ਨਾਲ ਸਰਕਾਰੀ ਮੁਲਾਜ਼ਮਾਂ ਦੀ ਇਹ ਟਰੇਨਿੰਗ ਕਰਵਾਈ ਜਾ ਰਹੀ ਹੈ | ਇਸ ਟਰੇਨਿੰਗ ਦੇ ਤਹਿਤ ਸਰਕਾਰੀ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਆਪਣੇ-ਆਪਣੇ ਵਿਭਾਗਾਂ ਸਬੰਧੀ ਵੱਖ-ਵੱਖ ਪੰਜਾਬ ਸਿਵਲ ਸੇਵਾ ਨਿਯਮਾਂ, ਵਿੱਤੀ ਨਿਯਮਾਂ ਤੇ ਹੋਰ ਦਫ਼ਤਰ ਕਾਰਵਾਈਆਂ ਤਿਆਰ ਕਰਨ ਵਿਚ ਮੁਹਾਰਤ ਹਾਸਲ ਕਰਨ ਲਈ 2 ਦਿਨਾਂ ਦੀ ਟਰੇਨਿੰਗ ਕਰਵਾਈ ਜਾ ਰਹੀ ਹੈ | ਇਸ ਮੌਕੇ ਜਸਕਰਨ ਸਿੰਘ ਨੇ ਪੀ.ਜੀ.ਆਰ.ਐਸ. ਪੋਰਟਲ ਤੇ ਪ੍ਰਾਪਤ ਆਨਲਾਈਨ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਬਾਰੇ ਹਾਜ਼ਰ ਅਧਿਕਾਰੀਆਂ ਨਾਲ ਜਾਣਕਾਰੀ ਸਾਂਝੀ ਕੀਤੀ | ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਕ ਪੋਰਟਲ ਤਿਆਰ ਕੀਤਾ ਗਿਆ ਹੈ, ਕੋਈ ਵੀ ਨਾਗਰਿਕ ਪੋਰਟਲ 'ਤੇ ਜਾ ਕੇ ਕਿਸੇ ਵੀ ਵਿਭਾਗ ਸੰਬੰਧੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ ਤੇ ਸਬੰਧਿਤ ਵਿਭਾਗ ਵੀ ਸਮੇਂ ਸਿਰ ਜਾਣਕਾਰੀ ਸਬੰਧਿਤ ਪ੍ਰਾਰਥੀ ਨੂੰ ਮੁਹੱਈਆ ਕਰਵਾਏਗਾ | ਉਨ੍ਹਾਂ ਕਿਹਾ ਕਿ ਹੁਣ ਪ੍ਰਾਰਥੀ ਆਨਲਾਈਨ ਪੋਰਟਲ 'ਤੇ ਆਪਣੀ ਆਈ. ਡੀ. ਬਣਾ ਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ | ਇਸ ਤੋਂ ਬਾਅਦ ਉਹ ਆਨਲਾਈਨ ਆਪਣੀ ਸ਼ਿਕਾਇਤ ਨੂੰ ਟਰੈਕ ਵੀ ਕਰ ਸਕੇਗਾ ਤੇ ਉਸ ਦੀ ਸ਼ਿਕਾਇਤ ਦੇ ਨਿਪਟਾਰੇ ਬਾਅਦ ਉਸ ਨੰੂ ਸਰਕਾਰ ਵੱਲੋਂ ਉਸ ਦਾ ਪੱਖ ਵੀ ਪੁੱਛਿਆ ਜਾਵੇਗਾ | ਉਨ੍ਹਾਂ ਨੇ ਕਿਹਾ ਕਿ ਹੁਣ ਲੋਕਾਂ ਨੂੰ ਸ਼ਿਕਾਇਤ ਦਰਜ ਕਰਵਾਉਣ ਲਈ ਕਿਸੇ ਦਫ਼ਤਰ ਨਹੀਂ ਜਾਣਾ ਪਵੇਗਾ ਸਗੋਂ ਉਹ ਘਰ ਬੈਠਾ ਹੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ |