ਫ਼ਾਜ਼ਿਲਕਾ, 24 ਸਤੰਬਰ (ਅਮਰਜੀਤ ਸ਼ਰਮਾ)-ਪ੍ਰਾਇਮਰੀ ਸਕੂਲ ਵਿਚ ਖੇਡ ਮੁਕਾਬਲਿਆਂ ਵਿਚ ਜੀ.ਏ.ਵੀ. ਜੈਨ ਆਦਰਸ਼ ਵਿਦਿਆਲਾ ਦੇ ਵਿਦਿਆਰਥੀਆਂ ਨੇ ਬਿਹਤਰੀਨ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਜਾਣਕਾਰੀ ਦਿੰਦਿਆਂ ਵਿਦਿਆਲਾ ਦੀ ਵਾਈਸ ਪਿੰ੍ਰਸੀਪਲ ਸ਼ੀਨਮ ਧੂੜੀਆ ਨੇ ਕਿਹਾ ਕਿ ਖੇਡਾਂ ਵਿਚ ਯੋਗਾ ਤੇ ਰਿਦਮਿਕ ਮੁਕਾਬਲਿਆਂ ਵਿਚ ਬੱਚਿਆਂ ਨੇ ਸ਼ਾਨਦਾਰ ਭਾਗੀਦਾਰੀ ਨਿਭਾਈ ਅਤੇ ਕੁੱਲ 6 ਸੋਨ ਅਤੇ 6 ਚਾਂਦੀ ਦੇ ਤਗਮੇ ਹਾਸਲ ਕੀਤੇ | ਯੋਗਾ ਮੁਕਾਬਲੇ ਵਿਚ ਅੰਡਰ-11 ਲੜਕਿਆਂ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ | ਟੀਮ ਵਿਚ ਗੁਰਨੂਰ ਸਿੰਘ, ਗੇਵਿਸ਼, ਵੀਰ, ਜਸਵੀਰ ਅਤੇ ਰੇਹਾਨ ਸ਼ਾਮਲ ਸਨ | ਰਿਦਮਿਕ ਮੁਕਾਬਲੇ ਵਿਚ ਵੀ ਗੁਰਨੂਰ ਸਿੰਘ ਨੇ ਆਪਣੀ ਵਿਅਕਤੀਗਤ ਪ੍ਰਤਿਭਾ ਦਾ ਲੋਹਾ ਮਨਵਾਇਆ ਅਤੇ ਪਹਿਲਾ ਸਥਾਨ ਹਾਸਲ ਕੀਤਾ | ਗਰਲਜ਼ ਯੋਗਾ ਟੀਮ ਨੇ ਵੀ ਉੱਤਮ ਪ੍ਰਦਰਸ਼ਨ ਕੀਤਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ | ਟੀਮ ਵਿਚ ਨਾਜ਼ਿਆ, ਦਿਵਿਸ਼ਿਕਾ, ਗਯੂ, ਹਰਸ਼ਿਤਾ ਤੇ ਸ਼ਿਵਾਨੀ ਸ਼ਾਮਲ ਸਨ | ਮੁਕਾਬਲੇ ਦੌਰਾਨ ਬਾਲਿਕਾਵਾਂ ਨੇ ਭਰਪੂਰ ਮਿਹਨਤ ਅਤੇ ਸਮਰਪਣ ਦਿਖਾਇਆ | ਰਿਦਮਿਕ ਮੁਕਾਬਲੇ ਵਿਚ ਹਰਸ਼ਿਤਾ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਹਾਸਲ ਕੀਤਾ ਅਤੇ ਸਕੂਲ ਦੀ ਝੋਲੀ ਵਿਚ ਹੋਰ ਇੱਕ ਚਾਂਦੀ ਦਾ ਤਗਮਾ ਜਿੱਤਿਆ | ਮੁਕਾਬਲੇ ਦੇ ਨਤੀਜਿਆਂ ਅਨੁਸਾਰ ਅੰਡਰ-11 ਲੜਕਿਆਂ ਯੋਗਾ ਟੀਮ ਨੇ ਪਹਿਲਾ ਸਥਾਨ, ਗੁਰਨੂਰ ਸਿੰਘ ਨੇ ਰਿਦਮਿਕ ਵਿਚ ਪਹਿਲਾ ਸਥਾਨ, ਗਰਲਜ਼ ਯੋਗਾ ਟੀਮ ਨੇ ਦੂਜਾ ਸਥਾਨ ਅਤੇ ਹਰਸ਼ਿਤਾ ਨੇ ਰਿਦਮਿਕ ਵਿਚ ਦੂਜਾ ਸਥਾਨ ਹਾਸਲ ਕੀਤਾ | ਇਸ ਪ੍ਰਦਰਸ਼ਨ ਦੇ ਆਧਾਰ 'ਤੇ ਸਕੂਲ ਨੇ ਕੁੱਲ 6 ਸੋਨ ਤੇ 6 ਚਾਂਦੀ ਦੇ ਤਗਮੇ ਜਿੱਤ ਕੇ ਆਪਣੀ ਮਜ਼ਬੂਤ ਮੌਜੂਦਗੀ ਦਰਜ ਕਰਵਾਈ | ਸਕੂਲ ਪਿੰ੍ਰਸੀਪਲ ਨਰੇਸ਼ ਸਪੜਾ ਨੇ ਅਧਿਆਪਕਾਂ ਤੇ ਜੇਤੂ ਬੱਚਿਆਂ ਨੂੰ ਵਧਾਈ ਦਿੱਤੀ | ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਦਿਆਂ ਸਕੂਲ ਦੇ ਚੇਅਰਮੈਨ ਐਡਵੋਕੇਟ ਅਨਿਲ ਜੈਨ ਨੇ ਕਿਹਾ ਕਿ ਇਹ ਬੱਚਿਆਂ ਨੇ ਸਖ਼ਤ ਮਿਹਨਤ ਨਾਲ ਇਹ ਮੁਕਾਮ ਹਾਸਲ ਕੀਤਾ ਹੈ | ਇਸ ਮੌਕੇ ਮਾਪਿਆਂ ਨੇ ਵੀ ਬੱਚਿਆਂ ਦੀ ਉਪਲਬਧੀ 'ਤੇ ਖ਼ੁਸ਼ੀ ਜ਼ਾਹਿਰ ਕੀਤੀ |