ਫ਼ਾਜ਼ਿਲਕਾ, 30 ਦਸੰਬਰ(ਦਵਿੰਦਰ ਪਾਲ ਸਿੰਘ)- ਵਧੀਕ ਡਿਪਟੀ ਕਮਿਸ਼ਨਰ(ਜ) ਫ਼ਾਜ਼ਿਲਕਾ ਡਾ.ਮਨਦੀਪ ਕੌਰ ਵਲੋਂ ਸ਼ਹਿਰ ਦੀ ਸਾਫ਼ ਸਫ਼ਾਈ ਦੇ ਕੰਮਾਂ ਦਾ ਜਾਇਜ਼ਾ ਲਿਆ ਗਿਆ | ਇਸ ਦੌਰਾਨ ਉਨ੍ਹਾਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਖੇ ਸਾਫ-ਸਫਾਈ ਦੀ ਚੈਕਿੰਗ ਕੀਤੀ | ਨਵੇਂ ਸਾਲ ਦੇ ਮੱਦੇਨਜ਼ਰ ਵਧੀਕ ਡਿਪਟੀ ਕਮਿਸ਼ਨਰ(ਜ) ਨੇ ਟੀਵੀ ਟਾਵਰ ਰੋਡ, ਨਵਾਂ ਬੱਸ ਸਟੈਂਡ, ਕੈਂਟ ਰੋਡ ਆਦਿ ਸਥਾਨਾਂ ਤੇ ਸਾਫ਼ ਸਫ਼ਾਈ ਦੇ ਪ੍ਰਬੰਧਾਂ ਦੀ ਚੈਕਿੰਗ ਦੇ ਨਾਲ-ਨਾਲ ਨਗਰ ਕੌਂਸਲ ਵੱਲੋਂ ਲਗਾਇਆ ਗਿਆ ਫਟੀਕ ਗੈਂਗ(ਸਫ਼ਾਈ ਗੈਂਗ) ਦੀ ਚੈਕਿੰਗ ਕੀਤੀ ਗਈ | ਉਨ੍ਹਾਂ ਨੇ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਆਪਣਾ ਕੂੜਾ ਕਰਕਟ ਬਾਹਰ ਸੜਕਾਂ 'ਤੇ ਖੁੱਲੇ੍ਹ ਵਿਚ ਨਾ ਸੁੱਟਣ ਅਤੇ ਕੂੜਾ ਕਰਕਟ ਨੂੰ ਹਮੇਸ਼ਾ ਹੀ ਗਿੱਲਾ ਕੂੜਾ ਅਤੇ ਸੁੱਕਾ ਕੂੜਾ ਵੱਖ ਵੱਖ ਡਸਟਬਿਨਾਂ ਵਿਚ ਰੱਖ ਦੇ ਨਗਰ ਕੌਂਸਲ ਦੇ ਵੇਸਟ ਕਲੈਕਟਰ ਨੂੰ ਹੀ ਦੇਣ | ਉਨ੍ਹਾਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸ਼ਹਿਰ ਦੀਆਂ ਸੜਕਾਂ, ਡਰੇਨਜ਼, ਬਰਸਾਤੀ ਨਾਲਿਆਂ ਤੇ ਨਾਲੀਆਂ ਦੀ ਸਫ਼ਾਈ ਕਰਨੀ ਯਕੀਨੀ ਬਣਾਈ ਜਾਵੇ | ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਤੇ ਸ਼ਹਿਰ ਵਾਸੀ ਪਲਾਸਟਿਕ ਲਫਾਫਿਆ ਦੀ ਵਰਤੋਂ ਤੋਂ ਗੁਰੇਜ਼ ਕਰਨਾ ਯਕੀਨੀ ਬਣਾਉਣ ਕਿਉਂਕਿ ਇਹ ਨਾਲਿਆਂ, ਨਾਲੀਆਂ ਵਿਚ ਫਸ ਕੇ ਸੀਵਰੇਜ ਨੂੰ ਜਾਮ ਕਰਦਾ ਹੈ ਅਤੇ ਇਸ ਦਾ ਪ੍ਰਯੋਗ ਵਾਤਾਵਰਨ ਲਈ ਖ਼ਤਰਨਾਕ ਹੈ ਅਤੇ ਬਾਜ਼ਾਰ ਖ਼ਰੀਦਦਾਰੀ ਕਰਨ ਲਈ ਜਾਣ ਸਮੇਂ ਕੱਪੜੇ ਦਾ ਥੈਲਾ ਘਰ ਤੋਂ ਹੀ ਨਾਲ ਲਿਜਾਇਆ ਜਾਵੇ | ਇਸ ਦੌਰਾਨ ਉਨ੍ਹਾਂ ਵਲੋਂ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਸਫ਼ਾਈ ਕਰਮਚਾਰੀਆਂ ਨੂੰ ਵੀ ਨਵੇਂ ਸ਼ਾਲ ਦੀ ਆਮਦ ਨੂੰ ਮੁੱਖ ਰੱਖਦੇ ਹੋਏ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਹੋਰ ਬਿਹਤਰ ਬਣਾਉਣ ਲਈ ਜ਼ਰੂਰੀ ਦਿਸ਼ਾ ਨਿਰਦੇਸ਼ ਦਿੱਤੇ ਗਏ | ਇਸ ਮੌਕੇ ਸੁਪਰਡੰਟ (ਸੈਨੀਟੇਸ਼ਨ) ਨਰੇਸ਼ ਖੇੜਾ ਸੈਨੇਟਰੀ ਇੰਸਪੈਕਟਰ ਨਗਰ ਕੌਂਸਲ ਜਗਦੀਪ ਸਿੰਘ ਆਦਿ ਹਾਜ਼ਰ ਸਨ |