ਫ਼ਾਜ਼ਿਲਕਾ, 30 ਦਸੰਬਰ (ਦਵਿੰਦਰ ਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਵਿਧਾਨ ਸਭਾ ਦੇ ਬੁਲਾਏ ਵਿਸ਼ੇਸ਼ ਸੈਸ਼ਨ ਦੌਰਾਨ ਫ਼ਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਮਨਰੇਗਾ ਮਜ਼ਦੂਰਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ | ਉਨ੍ਹਾਂ ਕਿਹਾ ਕਿ ਫ਼ਾਜ਼ਿਲਕਾ ਕੌਮਾਂਤਰੀ ਸਰਹੱਦ ਦੇ ਨਾਲ ਮਜ਼ਦੂਰ, ਅਨਪੜ੍ਹ ਲੋਕਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ | ਉਨ੍ਹਾਂ 'ਚ ਅੱਜ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਨਰੇਗਾ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਉਹ ਹਜ਼ਾਰਾਂ ਮਨਰੇਗਾ ਮਜ਼ਦੂਰਾਂ ਦੇ ਹਸਤਾਖ਼ਰ ਕਰਵਾ ਕੇ ਨਾਲ ਲੈ ਕੇ ਆਏ ਹਨ, ਜੋ ਪੰਜਾਬ ਸਰਕਾਰ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਭੇਜੇ ਜਾਣੇ ਹਨ | ਉਨ੍ਹਾਂ ਕਿਹਾ ਕੇਂਦਰ ਦੀ ਮੋਦੀ ਸਰਕਾਰ ਜੋ ਨਰੇਗਾ ਪ੍ਰਤੀ ਨਵਾਂ ਕਾਨੂੰਨ ਲੈ ਕੇ ਆ ਰਹੀ ਹੈ ਉਹ ਮਨਰੇਗਾ ਮਜ਼ਦੂਰਾਂ ਦੇ ਹੱਕਾਂ 'ਤੇ ਕੁਹਾੜਾ ਮਾਰ ਰਹੀ ਹੈ | ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰ ਨਾਲ ਵੱਸਦੇ ਲੋਕ ਮਨਰੇਗਾ ਮਜ਼ਦੂਰ ਹਨ | ਜਿਨ੍ਹਾਂ ਨੂੰ ਮਨਰੇਗਾ ਰਾਹੀਂ ਕੰਮ ਮਿਲਿਆ ਅਤੇ ਉਨ੍ਹਾਂ ਦੀ ਰੋਟੀ ਦਾ ਸਾਧਨ ਬਣਿਆ | ਪਰ ਪਿਛਲੇ 6 ਮਹੀਨਿਆਂ ਤੋਂ ਨਰੇਗਾ ਦਾ ਕੰਮ ਬੰਦ ਹੋਣ ਕਾਰਨ ਗ਼ਰੀਬ ਮਜ਼ਦੂਰਾਂ ਦੇ ਚੱੁਲ੍ਹੇ ਠੰਢੇ ਪੈ ਗਏ ਹਨ | ਉਨ੍ਹਾਂ ਕਿਹਾ ਕਿ ਕੇਂਦਰ ਦੀਆਂ ਟੀਮਾਂ ਪੰਜਾਬ ਦੇ ਪਿੰਡਾਂ ਦਾ ਦੌਰਾ ਕਰਕੇ ਸਾਰੀਆਂ ਸਕੀਮਾਂ ਬੰਦ ਕਰ ਰਹੀਆਂ ਹਨ | ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਛੱਪੜਾਂ ਦੀ ਸਫ਼ਾਈ, ਸੜਕਾਂ ਦੀਆਂ ਬਰਮਾ ਸਾਫ਼ ਕਰਨੀਆਂ, ਨਹਿਰਾਂ 'ਤੇ ਡਰੇਨਾਂ ਦੀਆਂ ਪਟੜੀਆਂ ਸਾਫ਼ ਕਰਨੀਆਂ ਕੰਮ ਬੰਦ ਕਰ ਦਿੱਤੇ ਗਏ ਹਨ | ਉਨ੍ਹਾਂ ਕਿਹਾ ਕਿ ਹੁਣ ਮਨਰੇਗਾ ਮਜ਼ਦੂਰ ਕੀ ਕਰੇਗਾ | ਉਨ੍ਹਾਂ ਕਿਹਾ ਕਿ ਫ਼ਾਜ਼ਿਲਕਾ ਦੇ 41 ਪਿੰਡ ਜੋ ਜ਼ੀਰੋ ਲਾਈਨ ਦੇ ਨਾਲ ਵਸੇ ਹਨ, ਕਿਸੇ ਵੀ ਕੰਪਨੀ ਦਾ ਨੈੱਟਵਰਕ ਨਹੀਂ ਚੱਲਦਾ ਉੱਥੇ ਮਜ਼ਦੂਰਾਂ ਨੂੰ ਸਮਾਰਟ ਫ਼ੋਨ ਵਰਤਣ ਲਈ ਕਿਹਾ ਗਿਆ ਹੈ, ਜੋ ਕਿ ਮਜ਼ਦੂਰ ਵਰਗ ਕੋਲ ਨਹੀਂ ਹੈ | ਨੈੱਟ ਨਾਲ ਜੀ.ਪੀ.ਐੱਸ.ਆਦਿ ਵਰਗਾ ਚੱਲਣ ਦੀਆਂ ਸ਼ਰਤਾਂ ਲਗਾਈਆਂ ਹਨ, ਉਹ ਨੈੱਟ ਤੋਂ ਬਿਨਾਂ ਕਿਵੇਂ ਚੱਲਣਗੀਆਂ | ਉਨ੍ਹਾਂ ਕਿਹਾ ਕਿ ਮਜ਼ਦੂਰਾਂ ਨੂੰ ਸਮਾਰਟ ਫ਼ੋਨ ਚਲਾਉਣਾ ਹੀ ਨਹੀਂ ਆਉਂਦਾ | ਉਨ੍ਹਾਂ ਕਿਹਾ ਕਿ ਪਹਿਲਾ ਕੇਂਦਰ ਦੀ ਭਾਜਪਾ ਸਰਕਾਰ ਕਿਸਾਨਾਂ ਵਿਰੋਧ ਕਾਲੇ ਕਾਨੂੰਨ ਲੈ ਕੇ ਆਈ, ਹੁਣ ਮਜ਼ਦੂਰ ਵਰਗ ਦਾ ਰੋਟੀ ਦਾ ਆਸਰਾ ਬਣੀ ਮਨਰੇਗਾ ਸਕੀਮ ਬੰਦ ਕਰਨ ਦਾ ਆਸਰਾ ਰਚ ਰਹੀ ਹੈ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਨੇੜਲੇ ਦੋਸਤ ਅੰਡਾਨੀ 'ਤੇ ਅੰਬਾਨੀ ਦਾ ਕਰੋੜਾਂ ਦਾ ਕਰਜ਼ਾ ਮੁਆਫ਼ ਹੋ ਸਕਦਾ ਹੈ ਪਰ ਗ਼ਰੀਬ ਮਜ਼ਦੂਰ ਨੂੰ 2-300 ਰੁਪਏ ਦਿਹਾੜੀ ਦੇਣ ਤੋਂ ਮੋਦੀ ਸਰਕਾਰ ਭੱਜ ਰਹੀ ਹੈ | ਉਨ੍ਹਾਂ ਕਿਹਾ ਕਿ ਵਿਧਾਨ ਸਭਾ 'ਚ ਇਸ ਕਾਨੂੰਨ ਦੇ ਖ਼ਿਲਾਫ਼ ਜੋ ਮਤਾ ਲੈ ਕੇ ਆਉਂਦਾ ਹੈ ਉਸ ਦਾ ਸਮਰਥਨ ਕਰਦੇ ਹਨ ਅਤੇ ਮਜ਼ਦੂਰਾਂ ਖ਼ਿਲਾਫ਼ ਬਣਾਏ ਕਾਨੂੰਨ ਦੀ ਨਿੰਦਾ ਕਰਦੇ ਹਾਂ |