ਫ਼ਾਜ਼ਿਲਕਾ, 30 ਦਸੰਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਝੁੱਗੇ ਗੁਲਾਬ ਸਿੰਘ ਦੇ ਰਹਿਣ ਵਾਲੇ ਭਾਰਤੀ ਫ਼ੌਜ ਦੇ ਬਹਾਦਰ ਜਵਾਨ ਰਾਜਿੰਦਰ ਸਿੰਘ, ਜੋ ਮੇਘਾਲਿਆ ਦੇ ਸ਼ਿਲਾਂਗ ਵਿਚ ਡਿਊਟੀ ਦੌਰਾਨ ਦੇਸ਼ ਦੀ ਸੇਵਾ ਕਰਦੇ ਹੋਏ ਸ਼ਹੀਦ ਹੋ ਗਏ ਸਨ, ਦੀ ਅੰਤਿਮ ਅਰਦਾਸ ਮੌਕੇ ਡਾ. ਬੀ. ਡੀ. ਸਚਦੇਵਾ ਮੈਮੋਰੀਅਲ ਵੈੱਲਫੇਅਰ ਸੋਸਾਇਟੀ ਦੇ ਚੇਅਰਮੈਨ ਅਜੈ ਸਚਦੇਵਾ ਅਤੇ ਜਰਨਲ ਸਕੱਤਰ ਪੂਜਾ ਲੂਥਰਾ ਸਚਦੇਵਾ ਨੇ ਹਾਜ਼ਰੀ ਭਰ ਕੇ ਸ਼ਹੀਦ ਦੇ ਪਰਿਵਾਰ ਨਾਲ ਡੂੰਘਾ ਦੁੱਖ ਸਾਂਝਾ ਕੀਤਾ | ਇਸ ਮੌਕੇ ਉਨ੍ਹਾਂ ਨੇ ਸ਼ਹੀਦ ਜਵਾਨ ਦੀ ਤਸਵੀਰ 'ਤੇ ਫ਼ੁਲ ਅਰਪਿਤ ਕਰਦੇ ਹੋਏ ਸ਼ਰਧਾਂਜਲੀ ਭੇਟ ਕੀਤੀ ਅਤੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਉਹ ਵਿੱਛੜੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਇਸ ਅਪਾਰ ਦੁੱਖ ਨੂੰ ਸਹਿਣ ਦਾ ਹੌਸਲਾ ਪ੍ਰਦਾਨ ਕਰਨ | ਸੋਸਾਇਟੀ ਦੇ ਚੇਅਰਮੈਨ ਅਜੈ ਸਚਦੇਵਾ ਨੇ ਵੀ ਸ਼ਹੀਦ ਦੇ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਸ਼ਹੀਦ ਰਾਜਿੰਦਰ ਸਿੰਘ ਦੀ ਕੁਰਬਾਨੀ ਕਦੇ ਭੁੱਲੀ ਨਹੀਂ ਜਾ ਸਕਦੀ | ਉਨ੍ਹਾਂ ਕਿਹਾ ਕਿ ਦੇਸ਼ ਦੀ ਸੁਰੱਖਿਆ ਲਈ ਆਪਣੀ ਜਵਾਨੀ ਕੁਰਬਾਨ ਕਰਨ ਵਾਲੇ ਜਵਾਨ ਸਦਾ ਅਮਰ ਰਹਿੰਦੇ ਹਨ | ਅਜੈ ਸਚਦੇਵਾ ਨੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਡਾ. ਬੀ. ਡੀ. ਸਚਦੇਵਾ ਮੈਮੋਰੀਅਲ ਵੈੱਲਫੇਅਰ ਸੋਸਾਇਟੀ ਹਰ ਤਰ੍ਹਾਂ ਦੀ ਮਦਦ ਅਤੇ ਸਹਿਯੋਗ ਲਈ ਹਮੇਸ਼ਾ ਪਰਿਵਾਰ ਦੇ ਨਾਲ ਖੜੀ ਰਹੇਗੀ |