ਅੰਮਿ੍ਤਸਰ, 1 ਨਵੰਬਰ (ਜਸਵੰਤ ਸਿੰਘ ਜੱਸ)-ਸੰਤ ਸਿੰਘ ਸੁੱਖਾ ਸਿੰਘ (ਫੋਰ ਐੱਸ) ਕਾਲਜ ਆਫ ਕਾਮਰਸ ਫਾਰ ਵੂਮੈਨ ਮਾਲ ਰੋਡ ਵਿਖੇ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਗੁਰਮਤਿ ਸਮਾਗਮ ਦੇ ਰੂਪ ਵਿਚ ਸ਼ਰਧਾ ਨਾਲ ਮਨਾਇਆ ਗਿਆ | ਸਮਾਗਮ ਸ਼ੁਰੂਆਤ ਜਪੁਜੀ ਸਾਹਿਬ ਦੇ ਪਾਠ ਤੇ ਸ਼ਬਦ ਕੀਰਤਨ ਨਾਲ ਹੋਈ | ਵਿਦਿਆਰਥਣਾਂ ਨੇ ਗੁਰੂ ਰਾਮਦਾਸ ਜੀ ਦੀ ਬਾਣੀ ਦੀ ਮਹੱਤਤਾ 'ਤੇ ਵਿਚਾਰ ਸਾਂਝੇ ਕੀਤੇ ਅਤੇ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦੇ 350 ਸਾਲ ਪੂਰੇ ਹੋਣ 'ਤੇ ਕਵਿਤਾ ਰਾਹੀਂ ਸ਼ਰਧਾਂਜਲੀ ਅਰਪਿਤ ਕੀਤੀ | ਫੋਰ ਐੱਸ ਸੰਸਥਾਵਾਂ ਦੇ ਡਾਇਰੈਕਟਰ ਸ. ਜਗਦੀਸ਼ ਸਿੰਘ ਨੇ ਸੰਬੋਧਨ ਕਰਦਿਆਂ ਗੁਰੂ ਰਾਮਦਾਸ ਜੀ ਦੇ ਨਿਮਰਤਾ, ਧੀਰਜ ਅਤੇ ਹੱਥੀਂ ਕਿਰਤ ਕਰਨ ਦੇ ਆਦਰਸ਼ਾਂ 'ਤੇ ਚਾਨਣ ਪਾਇਆ ਅਤੇ ਪਿ੍ੰਸੀਪਲ ਡਾ. ਨਵਦੀਪ ਕੌਰ ਨੇ ਵਿਦਿਆਰਥਣਾਂ ਨੂੰ ਇਮਾਨਦਾਰੀ ਨਾਲ ਅਕਾਦਮਿਕ ਉੱਨਤੀ ਲਈ ਤਿਆਰੀ ਕਰਨ ਅਤੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਜੀਵਨ ਵਿਚ ਅਪਨਾਉਣ ਦੀ ਪ੍ਰੇਰਨਾ ਦਿੱਤੀ | ਇਸ ਮੌਕੇ ਯੂਨੀਵਰਸਿਟੀ ਯੂਥ ਫੈਸਟੀਵਲ 2025 ਵਿਚ ਭਾਸ਼ਣ ਕਲਾ ਅਤੇ ਵਾਦ-ਵਿਵਾਦ ਮੁਕਾਬਲਿਆਂ ਵਿਚ ਪਹਿਲਾ ਸਥਾਨ ਹਾਸਲ ਕਰਨ ਵਾਲੀਆਂ ਕਾਲਜ ਦੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕਰਨ ਦੇ ਨਾਲ ਨਾਲ ਸ਼ਬਦ ਕੀਰਤਨ, ਅਰਦਾਸ ਅਤੇ ਹੁਕਮਨਾਮਾ ਲੈਣ ਵਾਲੀਆਂ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਰਗ ਦਰਸ਼ਕ ਅਧਿਆਪਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਵਰਨ ਕੌਰ, ਨਰਿੰਦਰਜੀਤ ਕੌਰ, ਸ਼ਰਨਜੀਤ ਕੌਰ, ਪਿ੍ੰਸੀਪਲ ਗੁਰਪ੍ਰੀਤ ਸਿੰਘ, ਸਵਿਤਾ ਖੰਨਾ, ਬਲਜਿੰਦਰ ਕੌਰ, ਜਗਜੀਤ ਸਿੰਘ ਜੱਗੀ ਅਤੇ ਰਿਤਿਕਾ ਕਪੂਰ ਵੀ ਹਾਜ਼ਰ ਸਨ | ਸਮਾਗਮ ਦਾ ਸੰਚਾਲਨ ਡਾ. ਪਾਇਲ, ਈਸ਼ਾ ਅਤੇ ਹਰਪ੍ਰੀਤ ਉੱਪਲ ਵਲੋਂ ਕੀਤਾ ਗਿਆ |