ਕਪੂਰਥਲਾ, 1 ਨਵੰਬਰ (ਸਡਾਨਾ)-ਅੱਜ ਸ਼ਾਮ ਦੇ ਸਮੇਂ ਅਜੀਤ ਨਗਰ ਦੇ ਮਹਾਰਾਜਾ ਰਣਜੀਤ ਸਿੰਘ ਪਾਰਕ ਨੇੜੇ ਇਕ ਅਣਪਛਾਤਾ ਮੋਟਰਸਾਈਕਲ ਸਵਾਰ ਨੌਜਵਾਨ ਬਜ਼ੁਰਗ ਔਰਤ ਦੀ ਸੋਨੇ ਦੀ ਵਾਲੀ ਝਪਟ ਕੇ ਫ਼ਰਾਰ ਹੋ ਗਿਆ | ਥਾਣਾ ਸਿਟੀ ਨੂੰ ਦਿੱਤੀ ਸ਼ਿਕਾਇਤ ਵਿਚ ਸੁਰਜੀਤ ਕੌਰ (65) ਵਾਸੀ ਅਜੀਤ ਨਗਰ ਦੇ ਲੜਕੇ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਸਦੀ ਮਾਤਾ ਸ਼ਾਮ ਕਰੀਬ 5:30 ਵਜੇ ਅਜੀਤ ਨਗਰ ਵਿਖੇ ਹੀ ਰਹਿੰਦੀ ਆਪਣੀ ਲੜਕੀ ਦੇ ਘਰ ਪੈਦਲ ਜਾ ਰਹੀ ਸੀ ਤੇ ਰਸਤੇ ਵਿਚ ਜਦੋਂ ਉਹ ਮਹਾਰਾਜਾ ਰਣਜੀਤ ਸਿੰਘ ਪਾਰਕ ਨੇੜੇ ਪਹੁੰਚੀ ਤਾਂ ਪਿੱਛੋਂ ਆਏ ਮੋਟਰਸਾਈਕਲ ਸਵਾਰ ਲੁਟੇਰੇ ਨੇ ਉਨ੍ਹਾਂ ਦੀ ਸੋਨੇ ਦੀ ਵਾਲੀ ਝਪਟ ਲਈ ਤੇ ਫ਼ਰਾਰ ਹੋ ਗਿਆ | ਸ਼ਿਕਾਇਤਕਰਤਾ ਨੇ ਦੱਸਿਆ ਕਿ ਉਨ੍ਹਾਂ ਨੇ ਥਾਣਾ ਸਿਟੀ ਵਿਖੇ ਜਾ ਕੇ ਇਸ ਸਬੰਧੀ ਸ਼ਾਮ ਕਰੀਬ 6:30 ਵਜੇ ਲਿਖਤੀ ਸ਼ਿਕਾਇਤ ਦੇ ਦਿੱਤੀ ਸੀ, ਪਰ ਦੇਰ ਰਾਤ ਖ਼ਬਰ ਲਿਖੇ ਜਾਣ ਸਮੇਂ ਕਰੀਬ 10 ਵਜੇ ਤੱਕ ਵੀ ਕੋਈ ਪੁਲਿਸ ਕਰਮਚਾਰੀ ਉਨ੍ਹਾਂ ਦੀ ਸਾਰ ਲੈਣ ਨਹੀਂ ਆਇਆ ਤੇ ਨਾ ਹੀ ਉਨ੍ਹਾਂ ਨਾਲ ਦੁਬਾਰਾ ਸੰਪਰਕ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੱਧਰ 'ਤੇ ਰਸਤੇ ਵਿਚ ਲੱਗੇ ਵੱਖ-ਵੱਖ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਕਢਵਾਈ ਹੈ ਤੇ ਲੁਟੇਰੇ ਦਾ ਮੋਟਰਸਾਈਕਲ ਵੀ ਬਿਨਾਂ ਨੰਬਰੀ ਸੀ | ਉਨ੍ਹਾਂ ਮੰਗ ਕੀਤੀ ਕਿ ਸ਼ਹਿਰ ਵਿਚ ਵਾਪਰਦੀਆਂ ਲੁੱਟ ਖੋਹ ਦੀਆਂ ਘਟਨਾਵਾਂ ਨੂੰ ਸਖ਼ਤੀ ਨਾਲ ਰੋਕਿਆ ਜਾਵੇ |