ਅੰਮਿ੍ਤਸਰ, 22 ਦਸੰਬਰ (ਗਗਨਦੀਪ ਸ਼ਰਮਾ)-ਪੂਰੇ ਉੱਤਰ ਭਾਰਤ 'ਚ ਸਵੇਰੇ-ਸ਼ਾਮ ਪੈ ਰਹੀ ਸੰਘਣੀ ਧੁੰਦ ਦੇ ਕਾਰਨ ਰੇਲ ਆਵਾਜਾਈ ਲਗਾਤਾਰ ਪ੍ਰਭਾਵਿਤ ਹੁੰਦੀ ਨਜ਼ਰ ਆ ਰਹੀ ਹੈ, ਜਿਸ ਦੇ ਚਲਦਿਆਂ (12498) ਅੰਮਿ੍ਤਸਰ-ਨਵੀਂ ਦਿੱਲੀ ਸ਼ਾਨ-ਏ-ਪੰਜਾਬ ਐਕਸਪ੍ਰੈੱਸ ਅੰਮਿ੍ਤਸਰ ਤੋਂ ਸਾਢੇ ਚਾਰ ਘੰਟੇ ਦੇਰੀ ਨਾਲ ਨਵੀਂ ਦਿੱਲੀ ਲਈ ਰਵਾਨਾ ਹੋਈ | ਇਸੇ ਪ੍ਰਕਾਰ ਅੰਮਿ੍ਤਸਰ ਨਾਲ ਸੰਬੰਧਿਤ ਕਈ ਹੋਰ ਰੇਲ ਗੱਡੀਆਂ ਵੀ ਨਿਰਧਾਰਿਤ ਸਮੇਂ ਤੋਂ ਪਿਛੜ ਕੇ ਚੱਲੀਆਂ | ਅਜਿਹੇ 'ਚ ਯਾਤਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਕਿ ਆਪਣੀ ਰੇਲ ਗੱਡੀਆਂ ਦੀ ਸਹੀ ਜਾਣਕਾਰੀ ਪ੍ਰਾਪਤ ਕਰਨ ਲਈ ਰੇਲਵੇ ਸਟੇਸ਼ਨਾਂ ਦੇ ਪੁੱਛਗਿੱਛ ਕੇਂਦਰ ਦੇ ਬਾਹਰ ਭਟਕਦੇ ਦਿਖਾਈ ਦੇ ਰਹੇ ਹਨ | ਮਿਲੀ ਜਾਣਕਾਰੀ ਦੇ ਅਨੁਸਾਰ (12497) ਨਵੀਂ ਦਿੱਲੀ-ਅੰਮਿ੍ਤਸਰ ਸ਼ਾਨ-ਏ-ਪੰਜਾਬ ਐਕਸਪ੍ਰੈੱਸ ਦੁਪਹਿਰ 14.15 ਵਜੇ ਦੀ ਜਗ੍ਹਾ 18.10 ਵਜੇ (3 ਘੰਟੇ 55 ਮਿੰਟ) ਦੇਰੀ ਨਾਲ ਅੰਮਿ੍ਤਸਰ ਪਹੁੰਚੀ, ਜਿਸ ਕਰਕੇ ਇੱਥੋਂ ਨਵੀਂ ਦਿੱਲੀ ਲਈ ਵਾਪਸੀ 'ਚ ਦੇਰੀ ਹੋਣਾ ਲਾਜ਼ਮੀ ਸੀ | ਇਸ ਪ੍ਰਕਾਰ (12498) ਅੰਮਿ੍ਤਸਰ-ਨਵੀਂ ਦਿੱਲੀ ਸ਼ਾਨ-ਏ-ਪੰਜਾਬ ਐਕਸਪ੍ਰੈੱਸ ਇੱਥੋਂ ਦੁਪਹਿਰ 15.10 ਵਜੇ ਦੀ ਜਗ੍ਹਾ ਸ਼ਾਮ 19.35 ਵਜੇ (4 ਘੰਟੇ 25 ਮਿੰਟ) ਦੇਰੀ ਨਾਲ ਨਵੀਂ ਦਿੱਲੀ ਲਈ ਰਵਾਨਾ ਹੋਈ | ਇਸੇ ਪ੍ਰਕਾਰ ਅੰਮਿ੍ਤਸਰ ਨਾਲ ਸੰਬੰਧਿਤ ਕਈ ਹੋਰ ਰੇਲ ਗੱਡੀਆਂ ਵੀ ਨਿਰਧਾਰਿਤ ਸਮੇਂ ਤੋਂ ਪਿਛੜ ਕੇ ਆਈਆਂ-ਗਈਆਂ |