ਅੰਮਿ੍ਤਸਰ, 22 ਦਸੰਬਰ (ਰੇਸ਼ਮ ਸਿੰਘ)-ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਪਰਸਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਜਤਿੰਦਰ ਕੌਰ ਦੀ ਡੀ.ਐਲ.ਐਸ.ਏ. ਵਲੋਂ ਨਸ਼ਾ ਵਿਰੋਧੀ ਮੁਹਿੰਮ ਦੇ ਤਹਿਤ ਅੱਜ 'ਯੂਥ ਅਗੇਂਸਟ ਡਰੱਗਸ' ਦੇ ਬੈਨਰ ਹੇਠ ਇਕ ਵਾਕਥਾਨ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ | ਇਸ ਦਾ ਮੁੱਖ ਉਦੇਸ਼ ਨਸ਼ਿਆਂ ਦੀ ਵਧ ਰਹੀ ਸਮੱਸਿਆ ਦੇ ਖਿਲਾਫ਼ ਜਾਗਰੂਕਤਾ ਫੈਲਾਉਣਾ ਅਤੇ ਨੌਜਵਾਨਾਂ ਤੇ ਆਮ ਜਨਤਾ ਨੂੰ ਇਸ ਦੇ ਭਿਆਨਕ ਪ੍ਰਭਾਵਾਂ ਬਾਰੇ ਸੰਵੇਦਨਸ਼ੀਲ ਬਣਾਉਣਾ ਸੀ | ਇਹ ਵਾਕਥਾਨ ਜ਼ਿਲ੍ਹਾ ਕਚਹਿਰੀਆਂ ਅੰਮਿ੍ਤਸਰ ਤੋਂ ਸ਼ੁਰੂ ਹੋ ਕੇ ਸਰੂਪ ਰਾਣੀ ਸਰਕਾਰੀ ਮਹਿਲਾ ਕਾਲਜ, ਅੰਮਿ੍ਤਸਰ 'ਤੇ ਸਮਾਪਤ ਹੋਇਆ | ਇਸ ਵਿਚ ਲਗਭਗ 500 ਸਕੂਲੀ ਵਿਦਿਆਰਥੀਆਂ ਨੇ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿਆ ਅਤੇ ਬੈਨਰਾਂ ਤੇ ਨਾਅਰਿਆਂ ਰਾਹੀਂ ਨਸ਼ਿਆਂ ਵਿਰੁੱਧ ਮਜ਼ਬੂਤ ਸੰਦੇਸ਼ ਦਿੰਦੇ ਹੋਏ ਨਸ਼ਾ-ਰਹਿਤ ਸਮਾਜ ਦੀ ਲੋੜ ਉੱਤੇ ਜ਼ੋਰ ਦਿੱਤਾ | ਇਸ ਵਾਕਥਾਨ ਨੂੰ ਜ਼ਿਲ੍ਹਾ ਅਤੇ ਸੈਸ਼ਨ ਜੱਜ ਜਤਿੰਦਰ ਕੌਰ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ | ਉਨ੍ਹਾਂ ਨੇ ਸਿਹਤਮੰਦ ਅਤੇ ਤਰਕਸ਼ੀਲ ਸਮਾਜ ਦੀ ਨਿਰਮਾਣ ਵਿਚ ਨੌਜਵਾਨਾਂ ਦੀ ਅਹਿਮ ਭੂਮਿਕਾ ਉੱਤੇ ਰੌਸ਼ਨੀ ਪਾਈ | ਇਸ ਮੌਕੇ ਬਲਜਿੰਦਰ ਸਿੰਘ ਐਡੀਸ਼ਨਲ ਜਿਲ੍ਹਾ ਅਤੇ ਸੈਸ਼ਨਜ਼ ਜੱਜ, ਅਮਰਦੀਪ ਸਿੰਘ ਬੈਂਸ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਤੇ ਹੋਰ ਜੱਜ ਸਾਹਿਬਾਨ ਆਦਿ ਹਾਜ਼ਰ ਸਨ | ਇਸ ਤਰ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਡੀ.ਸੀ. ਦਲਵਿੰਦਰਜੀਤ ਸਿੰਘ, ਆਲਮ ਵਿਜੈ ਸਿੰਘ ਡੀ.ਸੀ.ਪੀ. ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਪਨੇਸਰ ਤੇ ਸਮੁਚੀ ਟੀਮ ਸਮੇਤ ਹੋਰ ਅਧਿਕਾਰੀ ਸ਼ਾਮਿਲ ਸਨ | ਇਸ ਮੌਕੇ ਵਿਦਿਆਰਥੀਆਂ ਨੇ ਨੁਕੜ ਨਾਟਕ ਰਾਹੀਂ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਵੀ ਕੀਤਾ |