ਤਰਨ ਤਾਰਨ, 1 ਨਵੰਬਰ (ਹਰਿੰਦਰ ਸਿੰਘ)-ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਤਰਨ ਤਾਰਨ ਵਿਖੇ ਭਾਜਪਾ ਉਮਦੀਵਾਰ ਹਰਜੀਤ ਸਿੰਘ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ | ਜਿਥੇ ਉਨ੍ਹਾਂ ਨੇ ਤਰਨ ਤਰਨ ਸ਼ਹਿਰ ਵਿਚ ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਨੂੰ ਨਾਲ ਲੈ ਕੇ ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਮਿਲ ਕੇ ਭਾਜਪਾ ਦੀ ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਅਤੇ ਭਾਜਪਾ ਉਮੀਦਵਾਰ ਹਰਜੀਤ ਸਿੰਘ ਨੂੰ ਵੋਟ ਪਾਉਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ | ਇਸ ਮੌਕੇ ਤਰੁਣ ਚੁੱਘ ਨੇ ਕਿਹਾ ਕਿ ਅੱਜ 1 ਨਵੰਬਰ ਹੈ ਅਤੇ ਇਸ ਦਿਨ ਦਿੱਲੀ ਵਿਖੇ ਕਾਂਗਰਸੀ ਆਗੂਆਂ ਦੀ ਅਗਵਾਈ 'ਚ ਸਿੱਖਾਂ ਦੀ ਨਸ਼ਲਕੁਸ਼ੀ ਇਕ ਯੋਜਨਾਬੱਧ ਤਰੀਕੇ ਨਾਲ ਕੀਤੀ ਗਈ | ਨਸ਼ਲਕੁਸ਼ੀ ਕਰਨ ਦੀ ਅਗਵਾਈ ਕਰਨ ਵਾਲੇ ਕਾਂਗਰਸੀ ਆਗੂਆਂ ਨੂੰ ਕਾਂਗਰਸ ਪਾਰਟੀ ਵਲੋਂ ਉੱਚ ਅਹੁਦੇ ਇਨਾਮ ਵਜੋਂ ਦਿੱਤੇ ਗਏ ਅਤੇ ਹੁਣ ਇਨ੍ਹਾਂ ਦੇ ਹੀ ਕੇਂਦਰੀ ਆਗੂ ਪੰਜਾਬ ਵਿਚ ਆ ਕੇ ਆਪਣੇ ਉਮੀਦਵਾਰ ਲਈ ਕਿਸ ਮੂੰਹ ਨਾਲ ਵੋਟ ਮੰਗ ਰਹੇ ਹਨ | ਇਸ ਵੇਲੇ ਪੰਜਾਬ ਦੇ ਹਲਾਤ ਅੱਤਵਾਦ ਵੇਲੇ ਤੋਂ ਵੀ ਖ਼ਰਾਬ ਹਨ | ਸੂਬੇ ਵਿਚ ਦਿਨ ਦਿਹਾੜੇ ਕਤਲ, ਡਾਕੇ, ਲੁੱਟ-ਖੋਹ, ਫਿਰੌਤੀਆਂ, ਗੈਂਗਸਟਰਵਾਦ ਦਾ ਬੋਲਬਾਲਾ ਹੈ | ਇਸ ਮੌਕੇ ਭਾਜਪਾ ਆਗੂ ਕੇ.ਡੀ. ਭੰਡਾਰੀ, ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ, ਰਾਕੇਸ਼ ਰਾਠੌਰ, ਰਾਜੇਸ਼ ਹਨੀ, ਗੁਰਪ੍ਰਤਾਪ ਸਿੰਘ ਟਿੱਕਾ, ਹਰਪ੍ਰੀਤ ਸਿੰਘ ਸਿੰਦਬਾਦ ਤੋਂ ਇਲਾਵਾ ਵੱਡੀ ਗਿਣਤੀ ਵਿਚ ਭਾਜਪਾ ਆਗੂ ਅਤੇ ਵਰਕਰ ਹਾਜ਼ਰ ਸਨ |