ਫਤਿਆਬਾਦ, 1 ਨਵੰਬਰ (ਹਰਵਿੰਦਰ ਸਿੰਘ ਧੂੰਦਾ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਗੁਰੂ ਨਾਨਕ ਪੜਾਉ ਸਾਹਿਬ ਫਤਿਆਬਾਦ ਵਿਖੇ ਧਾਰਮਿਕ ਸਮਾਗਮ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵਲੋਂ 3,4,5 ਨਵੰਬਰ ਨੂੰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਏ ਜਾ ਰਹੇ ਹਨ | ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਰਤਨ ਸਿੰਘ ਦਿਉਲ ਨੇ ਕਮੇਟੀ ਮੈਂਬਰਾਂ ਜਥੇ ਬਲਦੇਵ ਸਿੰਘ, ਨੰਬਰਦਾਰ ਸੰਤੋਖ ਸਿੰਘ, ਸੁਰਿੰਦਰ ਸਿੰਘ ਛਿੰਦਾ, ਜੇ.ਈ ਬਲਦੇਵ ਸਿੰਘ ਕੰਬੋਜ, ਗ੍ਰੰਥੀ ਰਣਦੀਪ ਸਿੰਘ ਹੈਪੀ, ਤਬਲਾ ਵਾਦਕ ਹਰਪਾਲ ਸਿੰਘ ਅਤੇ ਮਹਿਰੋਕ ਸਾਹਿਬ ਸਮੇਤ ਦੱਸਿਆ ਕਿ ਇਸ ਸਬੰਧ ਵਿਚ ਕਸਬਾ ਫਤਿਆਬਾਦ ਵਿਖੇ ਜਥਾ ਪ੍ਰਭਾਤ ਫੇਰੀ ਵਲੋਂ ਪ੍ਰਧਾਨ ਕਸ਼ਮੀਰ ਸਿੰਘ ਸਹੋਤਾ ਅਤੇ ਐਡਵੋਕੇਟ ਸਾਜਨਪ੍ਰੀਤ ਸਿੰਘ ਦੀ ਅਗਵਾਈ ਹੇਠ ਪਿਛਲੇ ਹਫਤੇ ਤੋਂ ਪ੍ਰਭਾਤ ਫੇਰੀਆਂ ਦਾ ਸਿਲਸਿਲਾ ਸ਼ੁਰੂ ਕੀਤਾ ਹੈ, ਜੋ ਕਿ 3 ਨਵੰਬਰ ਤੱਕ ਚੱਲੇਗਾ ਅਤੇ 4 ਨਵੰਬਰ ਨੂੰ ਗੁਰਦੁਆਰਾ ਗੁਰੂ ਨਾਨਕ ਪੜਾਉ ਸਾਹਿਬ ਤੋੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ | ਜਦੋੋਂਕਿ 5 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਖੁੱਲੇ੍ਹ ਪੰਡਾਲ 'ਚ ਧਾਰਮਿਕ ਦੀਵਾਨ ਸਜਾਏ ਜਾਣਗੇ, ਜਿਸ ਦੌਰਾਨ ਪੰਥ ਪ੍ਰਸਿੱਧ ਰਾਗੀ, ਢਾਡੀ ਅਤੇ ਕਵੀਸ਼ਰ ਹਾਜ਼ਰੀ ਭਰਨਗੇ |