ਲੁਧਿਆਣਾ, 25 ਸਤੰਬਰ (ਭੁਪਿੰਦਰ ਸਿੰਘ ਬੈਂਸ)-ਬੀਤੇ ਕੱਲ੍ਹ ਸ਼ਹਿਰ ਦੇ ਭਾਰਤ ਨਗਰ ਚੌਕ ਨੇੜੇ ਪੈਟਰੋਲ ਪੰਪ ਵਾਲੀ ਗਲੀ ਵਿਚ ਹੌਜਰੀ ਕਾਰੋਬਾਰੀ ਦੇ ਘਰ ਨੂੰ ਅੱਗ ਲੱਗਣ ਕਾਰਨ ਦੋ ਲੋਕਾਂ ਜਿਨ੍ਹਾਂ ਵਿਚ ਸ਼ੁਧਾ ਰਾਣੀ ਤੇ ਗਰਭ ਚੌਪੜਾ ਸ਼ਾਮਿਲ ਹਨ, ਉਨ੍ਹਾਂ ਦੀ ਮੌਤ ਹੋ ਗਈ | ਉਕਤ ਘਰ 'ਚ ਅੱਗ ਲੱਗਣ ਦਾ ਕਾਰਨ ਘਰ ਦੇ ਵਿਚ ਬਣੇ ਗੋਦਾਮ 'ਚ ਊਨ ਪਿਆ ਹੋਣਾ ਦੱਸਿਆ ਜਾ ਰਿਹਾ ਹੈ | ਇਸੇ ਤਰ੍ਹਾਂ ਹੀ ਸ਼ਹਿਰ ਦੇ ਅਨੇਕਾਂ ਰਿਹਾਇਸ਼ੀ ਇਲਾਕੇ ਹਨ, ਜਿਨ੍ਹਾਂ ਵਿਚ ਲੋਕਾਂ ਵਲੋਂ ਆਪਣੇ ਘਰਾਂ 'ਚ ਹੌਜਰੀ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ ਤੇ ਨਗਰ ਨਿਗਮ ਦੇ ਨਿਯਮਾਂ ਦੀ ਧੱਜੀਆਂ ਉਡਾਈਆਂ ਜਾ ਰਹੀਆਂ ਹਨ | ਜਿੱਥੇ ਇਨ੍ਹਾਂ ਲੋਕਾਂ ਵਲੋਂ ਘਰਾਂ ਵਿਚ ਹੌਜਰੀ ਦਾ ਕਾਰੋਬਾਰ ਕਰਕੇ ਨਿਯਮਾਂ ਦੀ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਉਥੇ ਹੀ ਬੀਤੇ ਕਲ ਦੀ ਘਟਨਾ ਨੂੰ ਦੇਖਦੇ ਹੋਏ, ਇਨ੍ਹਾਂ ਲੋਕਾ ਵਲੋਂ ਆਪਣੇ ਹੌਜਰੀ ਕਾਰੋਬਾਰ ਕਰਨ ਦੇ ਦੌਰਾਨ ਅੱਗ ਬੁਝਾਉ ਯੰਤਰ ਵੀ ਨਹੀਂ ਰੱਖੇ ਹੋਏ ਹਨ | ਜੇਕਰ ਬੀਤੇ ਕੱਲ੍ਹ ਜੋ ਘਟਨਾ ਭਾਰਤ ਨਗਰ ਚੌਕ ਸਥਿਤ ਪੈਟਰੋਲ ਪੰਪ ਵਾਲੀ ਗਲੀ 'ਚ ਵਾਪਰੀ ਹੈ, ਉਹੀ ਘਟਨਾ ਉਕਤ ਲੋਕਾਂ ਦੇ ਘਰਾਂ ਵਿਚ ਵੀ ਵਾਪਰਨ ਦਾ ਖਤਰਾ ਬਣਿਆ ਹੋਇਆ ਹੈ ਕਿਉਂਕਿ ਸ਼ਾਰਟ ਸਰਕਟ ਕਿਸੇ ਵੇਲੇ ਵੀ ਇਨ੍ਹਾਂ ਘਰਾਂ 'ਚ ਹੋ ਸਕਦਾ ਹੈ | ਇਸ ਤੋਂ ਇਲਾਵਾ ਦੀਵਾਲੀ ਦਾ ਤਿਉਹਾਰ ਵੀ ਆਉਣ ਵਾਲਾ ਹੈ ਤੇ ਇਸ ਤਿਉਹਾਰ ਨੂੰ ਲੈ ਕੇ ਸ਼ਹਿਰ ਵਾਸੀਆਂ ਵਲੋਂ ਪਟਾਕੇ ਚਲਾਏ ਜਾਂਦੇ ਹਨ, ਜੋ ਕਿ ਉਕਤ ਘਰਾਂ ਲਈ ਖਤਰਾ ਬਣ ਸਕਦੇ ਹਨ ਕਿਉਂਕਿ ਇਨ੍ਹਾਂ ਲੋਕਾਂ ਵਲੋਂ ਆਪਣੇ ਹੌਜਰੀ ਦਾ ਸਾਮਾਨ ਆਪਣੇ ਘਰਾਂ ਦੀਆਂ ਛੱਤਾਂ ਉਪਰ ਵੀ ਰੱਖਿਆ ਜਾਂਦਾ ਹੈ, ਜਾ ਸੁਕਾਇਆ ਜਾਂਦਾ ਹੈ | ਜਿਸ ਨਾਲ ਦੀਵਾਲੀ ਵਾਲੀ ਰਾਤ ਚਲਦੇ ਪਟਾਕੇ ਇਨ੍ਹਾਂ ਘਰਾਂ ਦੇ ਉਪਰ ਕਦੇ ਵੀ ਆ ਕੇ ਡਿੱਗ ਸਕਦੇ ਹਨ ਤੇ ਇਨ੍ਹਾਂ ਦੇ ਹੌਜਰੀ ਮਾਲ ਨੂੰ ਅੱਗ ਲੱਗ ਸਕਦੀ | ਪਿਛਲੇ ਸਮੇਂ ਵਿਚ ਵੀ ਦੀਵਾਲੀ ਵਾਲੀ ਰਾਤ ਪਟਾਕਿਆਂ ਕਾਰਨ ਅੱਗ ਲੱਗਣ ਦੇ ਕਈ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ | ਇਸ ਲਈ ਉਕਤ ਘਰਾਂ ਦੀ ਸੁਰੱਖਿਆਂ ਨੂੰ ਲੈ ਕੇ ਨਾ ਤਾਂ ਨਗਰ ਨਿਗਮ ਵਲੋਂ ਤੇ ਨਾ ਹੀ ਫਾਇਰ ਬਿ੍ਗੇਰਡ ਵਲੋਂ ਇਨ੍ਹਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ | ਇਸ ਤੋਂ ਇਲਾਵਾ ਨਗਰ ਨਿਗਮ ਵਲੋਂ ਰਿਹਾਇਸ਼ੀ ਘਰ ਨੂੰ ਕਮਰਸ਼ੀਅਲ ਪ੍ਰਯੋਗ ਕਰਨ ਲਈ ਵੀ ਇਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ, ਜਿਸ ਨਾਲ ਇਹ ਲੋਕ ਬੇਖੌਫ ਹੋਕੇ ਆਪਣੇ ਘਰਾਂ ਵਿਚ ਹੀ ਹੌਜਰੀ ਦਾ ਕਾਰੋਬਾਰ ਕਰ ਰਹੇ ਹਨ | ਸ਼ਹਿਰ ਦੇ ਸੁੰਦਰ ਨਗਰ, ਮਾਧੋੋਪੁਰੀ, ਸ਼ਿਵਪੁਰੀ, ਨਿਊ ਸ਼ਿਵਪੁਰੀ, ਗਊਸ਼ਾਲਾ, ਗਾਂਧੀ ਨਗਰ, ਬਸੰਤ ਨਗਰ, ਬਾਜਵਾ ਨਗਰ, ਕਲਿਆਣ ਨਗਰ, ਬਾਲ ਸਿੰਘ ਨਗਰ, ਸੇਖੋਵਾਲ, ਬਸਤੀ ਜੋਧੇਵਾਲ, ਨੂਰਵਾਲਾ ਰੋਡ, ਕਾਕੋਵਾਲ ਰੋਡ, ਕੁੰਦਨ ਪੁਰੀ, ਉਪਕਾਰ ਨਗਰ ਆਦਿ ਅਨੇਕਾਂ ਇਲਾਕਿਆਂ ਵਿਚ ਲੋਕਾਂ ਵਲੋਂ ਆਪਣੇ ਘਰਾਂ ਵਿਚ ਹੀ ਹੌਜਰੀ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ | ਕੀ ਬੀਤੇ ਕੱਲ੍ਹ ਭਾਰਤ ਨਗਰ ਚੌਕ ਨੇੜੇ ਪੈਟਰੋਲ ਪੰਪ ਵਾਲੀ ਗਲੀ ਵਿਚ ਵਾਪਰੀ ਅੱਗ ਲੱਗਣ ਦੀ ਘਟਨਾ ਤੋਂ ਨਗਰ ਨਿਗਮ ਕੋਈ ਸਬਕ ਲੈਂਦੇ ਹੋਏ, ਇਨ੍ਹਾਂ ਇਲਾਕਿਆਂ 'ਚ ਚੈਕਿੰਗ ਕਰੇਗਾ ਜਾਂ ਫਿਰ ਕਿਸੇ ਅਣਸੁਖਾਵੀਂ ਘਟਨਾ ਦੇ ਹੋਣ ਦੀ ਉਡੀਕ ਹੀ ਕਰਦਾ ਰਹੇਗਾ |