ਲੁਧਿਆਣਾ, 28 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਕਰੰਟ ਲੱਗਣ ਨਾਲ ਪ੍ਰਵਾਸੀ ਨੌਜਵਾਨ ਦੀ ਹੋਈ ਮੌਤ ਦੇ ਮਾਮਲੇ ਵਿਚ ਪੁਲਿਸ ਨੇ ਠੇਕੇਦਾਰ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਮਿ੍ਤਕ ਲੜਕੇ ਸੰਜੀਤ ਕੁਮਾਰ ਦੇ ਪਿਤਾ ਵਿਸ਼ਾਲ ਰਾਏ ਵਾਸੀ ਸ਼ਿਮਲਾਪੁਰੀ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਸਬੰਧੀ ਮਹਿੰਦਰ ਸਿੰਘ ਵਾਸੀ ਨਿਊ ਸੁੰਦਰ ਨਗਰ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੇ ਲੜਕੇ ਦੀ ਉਮਰ 25 ਸਾਲ ਦੇ ਕਰੀਬ ਸੀ ਅਤੇ ਉਹ ਲੈਂਟਰ ਪਾਉਣ ਦਾ ਸਾਮਾਨ ਲੈ ਕੇ ਸੰਗੋਵਾਲ ਗਿਆ ਸੀ, ਜਿੱਥੇ ਕਿ ਬਿਜਲੀ ਦੀਆਂ ਤਾਰਾਂ ਦਾ ਪ੍ਰਬੰਧ ਸਹੀ ਨਹੀਂ ਸੀ | ਉਸ ਨੇ ਠੇਕੇਦਾਰ ਮਹਿੰਦਰ ਸਿੰਘ ਨੂੰ ਬਿਜਲੀ ਦੀਆਂ ਤਾਰਾਂ ਦਾ ਪ੍ਰਬੰਧ ਸਹੀ ਕਰਨ ਲਈ ਕਿਹਾ, ਪਰ ਉਸ ਨੇ ਅਜਿਹਾ ਨਹੀਂ ਕੀਤਾ, ਜਿਸ ਕਾਰਨ ਉਸ ਦੇ ਲੜਕੇ ਨੂੰ ਉਥੇ ਕਰੰਟ ਲੱਗ ਗਿਆ ਅਤੇ ਉਸ ਦੀ ਮੌਤ ਹੋ ਗਈ | ਪੁਲਿਸ ਵਲੋਂ ਹਾਲ ਦੀ ਘੜੀ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਤੇ ਜਾਂਚ ਕੀਤੀ ਜਾ ਰਹੀ ਹੈ |