ਐੱਸ. ਏ. ਐੱਸ. ਨਗਰ, 19 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)-ਵਿਧਾਇਕ ਕੁਲਵੰਤ ਸਿੰਘ ਦੇ ਲਗਾਤਾਰ ਯਤਨਾਂ ਤੋਂ ਬਾਅਦ ਗਮਾਡਾ ਵਲੋਂ ਪਲਾਟਾਂ ਦੀ ਐਨਹਾਂਸਮੈਂਟ ਰਕਮ ਨੂੰ 3164 ਰੁ. ਪ੍ਰਤੀ ਵਰਗ ਮੀਟਰ ਤੋਂ ਘਟਾ ਕੇ 2325 ਰੁ. ਪ੍ਰਤੀ ਵਰਗ ਮੀਟਰ ਕਰਨ ਨਾਲ ਸਥਾਨਕ ਸੈਕਟਰ 76 ਤੋਂ 80 ਦੇ ਪਲਾਟ ਹੋਲਡਰਾਂ ਨੂੰ ਇਕ ਵੱਡੀ ਰਾਹਤ ਮਿਲੀ ਹੈ | ਇਸ ਨਾਲ ਪਲਾਟ ਹੋਲਡਰਾਂ ਨੂੰ 839 ਰੁਪਏ ਪ੍ਰਤੀ ਵਰਗ ਮੀਟਰ ਦੀ ਸਿੱਧੀ ਰਾਹਤ ਪ੍ਰਾਪਤ ਹੋਈ ਹੈ, ਜਿਸ ਦਾ ਫ਼ਾਇਦਾ ਲਗਪਗ 10 ਹਜ਼ਾਰ ਪਲਾਟ ਹੋਲਡਰਾਂ ਨੂੰ ਮਿਲੇਗਾ | ਇਸ ਸੰਬੰਧੀ ਐਂਟੀ ਐਨਹਾਂਸਮੈਂਟ ਕਮੇਟੀ ਅਤੇ ਪ੍ਰਭਾਵਿਤ ਸੈਕਟਰਾਂ ਦੇ ਪ੍ਰਤੀਨਿਧੀਆਂ ਵਲੋਂ ਅੱਜ ਵਿਧਾਇਕ ਕੁਲਵੰਤ ਸਿੰਘ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਧੰਨਵਾਦ ਪ੍ਰਗਟਾਇਆ ਗਿਆ | ਇਸ ਮੌਕੇ ਉਨ੍ਹਾਂ ਵਲੋਂ ਇਕ ਪ੍ਰੈੱਸ ਕਾਨਫ਼ਰੰਸ ਵੀ ਕੀਤੀ ਗਈ, ਜਿਸ ਵਿਚ ਉਨ੍ਹਾਂ ਨੇ ਲੋਕਾਂ ਨੂੰ ਇਸ ਮਹੱਤਵਪੂਰਨ ਫ਼ੈਸਲੇ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਵਿਧਾਇਕ ਨੇ ਕਿਹਾ ਕਿ 2013 ਵਿਚ ਪਲਾਟਾਂ ਦੀ ਕੀਮਤ ਵਿਚ ਵਾਧੇ ਦੀ ਰਕਮ 700 ਤੋਂ 850 ਰੁਪਏ ਪ੍ਰਤੀ ਵਰਗ ਮੀਟਰ ਦੇ ਵਿਚਕਾਰ ਸੀ, ਪਰ ਪਿਛਲੀਆਂ ਸਰਕਾਰਾਂ ਨੇ ਇਸ ਮਾਮਲੇ ਨੂੰ ਰਾਜਨੀਤਿਕ ਕਾਰਨਾਂ ਕਰਕੇ ਲੰਬਾ ਸਮੇਂ ਖਿੱਚਿਆ, ਜਿਸ ਕਰਕੇ ਇਹ ਰਕਮ 3164 ਰੁਪਏ ਪ੍ਰਤੀ ਵਰਗ ਮੀਟਰ ਤੱਕ ਵੱਧ ਗਈ ਸੀ | ਵਿਧਾਇਕ ਨੇ ਕਿਹਾ ਕਿ ਗਮਾਡਾ ਅਨੁਸਾਰ ਜੇਕਰ ਕਿਸੇ ਪਲਾਟ ਹੋਲਡਰ ਵਲੋਂ ਪਹਿਲਾਂ ਹੀ ਵਧੀ ਰਕਮ ਜ਼ਿਆਦਾ ਅਦਾ ਕਰ ਦਿੱਤੀ ਗਈ ਹੈ ਤਾਂ ਵਾਧੂ ਅਦਾ ਕੀਤੀ ਰਕਮ ਵਾਪਸ ਕੀਤੀ ਜਾਵੇਗੀ ਤੇ ਨਵੇਂ ਨੋਟਿਸ ਜਲਦ ਹੀ ਜਾਰੀ ਕਰ ਦਿੱਤੇ ਜਾਣਗੇ | ਇਸ ਮੌਕੇ ਐਂਟੀ ਐਨਹਾਂਸਮੈਂਟ ਕਮੇਟੀ ਦੇ ਕਨਵੀਨਰ ਸੁਖਦੇਵ ਸਿੰਘ ਪਟਵਾਰੀ, ਰਾਜੀਵ ਵਸ਼ਿਸ਼ਟ, ਜਰਨੈਲ ਸਿੰਘ, ਚਰਨਜੀਤ ਕੌਰ ਦਿਉਲ, ਮੇਜਰ ਸਿੰਘ, ਸੁਖਚੈਨ ਸਿੰਘ ਤੇ ਹੋਰ ਹਾਜ਼ਰ ਸਨ |