ਡੇਰਾਬੱਸੀ, 23 ਨਵੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦੇ ਪਿੰਡ ਸਮਗੌਲੀ ਵਿਖੇ ਸ਼ਰਾਬ ਪੀਣ ਤੋਂ ਬਾਅਦ ਹੋਏ ਆਪਸੀ ਪਰਿਵਾਰਕ ਝਗੜੇ ਨੇ ਉਦੋਂ ਜਾਨਲੇਵਾ ਰੂਪ ਧਾਰਨ ਕਰ ਲਿਆ, ਜਦੋਂ ਕਥਿਤ ਤੌਰ 'ਤੇ ਸੋਨੂੰ ਪੁੱਤਰ ਧਵਨ ਕੁਮਾਰ ਨੇ ਆਪਣੇ ਹੀ ਪਿੰਡ ਦੇ ਰਹਿਣ ਵਾਲੇ ਇਕ ਵਿਅਕਤੀ 'ਤੇ ਉਸ ਦੇ ਘਰ 'ਚ ਸੁੱਤੇ ਪਏ ਹੋਣ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ | ਇਸ ਦੌਰਾਨ ਪੀੜਤ ਨੂੰ ਗੰਭੀਰ ਸੱਟਾਂ ਦੇ ਲੱਗਣ ਕਾਰਨ ਚੰਡੀਗੜ੍ਹ ਦੇ ਜੀ. ਐਮ. ਸੀ. ਐਚ.-32 'ਚ ਦਾਖਲ ਕਰਵਾਇਆ ਗਿਆ, ਜਿਥੋਂ ਉਸ ਨੂੰ ਇਲਾਜ ਮਗਰੋਂ ਹੁਣ ਛੁੱਟੀ ਦੇ ਦਿੱਤੀ ਗਈ ਹੈ | ਪੁਲਿਸ ਨੇ ਇਸ ਮਾਮਲੇ ਵਿ ਮੁਲਜ਼ਮ ਸੋਨੂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਗਿ੍ਫ਼ਤਾਰ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਉਕਤ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਤ ਘਣਸ਼ਿਆਮ ਸਿੰਘ (44) ਪੁੱਤਰ ਸ਼ਿਵ ਰਾਮ ਵਾਸੀ ਸਮਗੌਲੀ ਨੇ ਦੱਸਿਆ ਕਿ 13 ਨਵੰਬਰ ਦੀ ਰਾਤ ਕਰੀਬ 9 ਵਜੇ ਉਸਦੇ ਵੱਡੇ ਭਰਾ ਰਾਜੇਸ਼ ਕੁਮਾਰ ਤੇ ਇੰਦਰਜੀਤ ਸਿੰਘ ਦੀ ਸੋਨੂੰ ਨਾਲ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਰਹੀ ਸੀ | ਇਸ ਦੌਰਾਨ ਉਸ ਨੇ ਦਖਲ ਦੇ ਕੇ ਲੜਾਈ ਖਤਮ ਕਰਵਾਈ, ਜਿਸ ਮਗਰੋਂ ਦੋਵੇਂ ਜਣੇ ਆਪਣੇ ਘਰ ਚਲੇ ਗਏ | ਇਸ ਤੋਂ ਬਾਅਦ ਰਾਤ 11 ਵਜੇ ਦੇ ਕਰੀਬ ਉਹ ਘਰ ਵਿਚ ਸੁੱਤਾ ਹੋਇਆ ਸੀ ਕਿ ਇਸ ਦੌਰਾਨ ਸੋਨੂੰ, ਜੋ ਕਿ ਪਰਿਵਾਰ 'ਚ ਉਸ ਦਾ ਭਤੀਜਾ ਲੱਗਦਾ ਹੈ, ਨੇ ਚਾਕੂ ਨਾਲ ਉਸ ਦੀ ਪਿੱਠ 'ਤੇ ਤਿੰਨ ਵਾਰ ਕੀਤੇ, ਜਿਸ ਕਰਕੇ ਉਹ ਗੰਭੀਰ ਜ਼ਖ਼ਮੀ ਹੋ ਗਿਆ | ਉਪਰੰਤ ਉਸ ਦੀ ਪਤਨੀ ਤੇ ਪਰਿਵਾਰ ਨੇ ਉਸ ਨੂੰ ਡੇਰਾਬੱਸੀ ਹਸਪਤਾਲ ਦਾਖਲ ਕਰਵਾਇਆ, ਜਿਥੋਂ ਉਸਨੂੰ ਸੈਕਟਰ 32 ਚੰਡੀਗੜ੍ਹ ਦੇ ਹਸਪਤਾਲ ਰੈਫਰ ਕੀਤਾ ਗਿਆ | ਘਣਸ਼ਿਆਮ ਅਨੁਸਾਰ ਹਮਲਾਵਰ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਅਤੇ ਮੌਕੇ ਤੋਂ ਫਰਾਰ ਹੋ ਗਿਆ | ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਤਫਤੀਸ਼ੀ ਅਫਸਰ ਅਮਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸੋਨੂੰ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ |