ਕੁਰਾਲੀ, 7 ਦਸੰਬਰ (ਬਿੱਲਾ ਅਕਾਲਗੜ੍ਹੀਆ)-ਅੱਜ ਸਥਾਨਕ ਬੱਸ ਅੱਡੇ ਦੇ ਨੇੜੇ ਖਾਲਸਾ ਸਕੂਲ ਦੇ ਸਹਾਮਣੇ ਇਕ ਤੇਜ ਰਫਤਾਰ ਟਰੈਕਟਰ ਟਰਾਲੀ ਨੇ ਇਕ ਵਿਆਕਤੀ ਨੂੰ ਬੁਰੀ ਤਰ੍ਹਾਂ ਦਰੜ ਦਿੱਤਾ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ | ਇਸ ਸੰਬੰਧੀ ਮਿ੍ਤਕ ਦੀ ਪਤਨੀ ਨਰਿੰਦਰ ਕੌਰ ਵਾਸੀ ਪਿੰਡ ਅਭੇਪੁਰ ਨੇ ਦੱਸਿਆ ਕਿ ਉਸ ਦਾ ਪਤੀ ਸੰਗਤ ਸਿੰਘ ਤੇ ਉਹ ਖੁਦ ਆਪਣੇ ਮੋਟਰਸਾਇਕਲ 'ਤੇ ਸਵਾਰ ਹੋ ਕੇ ਪਿੰਡ ਅਭੇਪੁਰ ਤੋਂ ਕੁਰਾਲੀ ਕਿਸੇ ਕੰਮ ਲਈ ਆਏ ਸਨ | ਉਨ੍ਹਾਂ ਦੱਸਿਆ ਕਿ ਇਸ ਦੌਰਾਨ ਉਸ ਦਾ ਪਤੀ ਸੰਗਤ ਸਿੰਘ ਖਾਲਸਾ ਸਕੂਲ ਦੇ ਸਹਾਮਣੇ ਮੋਟਰਸਾਇਕਲ 'ਤੇ ਉਨ੍ਹਾਂ ਨੂੰ ਖੜ੍ਹਾ ਕਰਕੇ ਰੋਡ ਦੇ ਦੂਜੇ ਪਾਸੇ ਬੈਂਕ ਦੇ ਏ. ਟੀ. ਐਮ. 'ਚੋਂ ਪੈਸੇ ਕਢਵਾਉਣ ਚਲੇ ਗਏ | ਇਸੇ ਦੌਰਾਨ ਕੁਰਾਲੀ ਸਾਈਡ ਤੋਂ ਆ ਰਹੇ ਤੇਜ ਰਫਤਾਰ ਇੱਟਾਂ ਦੇ ਭਰੇ ਸਵਰਾਜ ਟਰੈਕਟਰ ਦੇ ਡਰਾਈਵਰ ਨੇ ਸੰਗਤ ਸਿੰਘ ਨੂੰ ਬੁਰੀ ਤਰ੍ਹਾਂ ਟੱਕਰ ਮਾਰ ਦਿੱਤੀ | ਇਸ ਜ਼ੋਰਦਾਰ ਟੱਕਰ ਕਾਰਨ ਉਸ ਦਾ ਪਤੀ ਉਨ੍ਹਾਂ ਅੱਖਾਂ ਦੇ ਸਾਹਮਣੇ ਹੀ ਟਰਕੈਟਰ ਦੇ ਟਾਇਰਾਂ ਥੱਲੇ ਆ ਗਿਆ, ਜਿਸ ਨੂੰ ਟਰੈਕਟਰ ਟਰਾਲੀ ਨੇ ਬੁਰੀ ਤਰ੍ਹਾਂ ਦਰੜ ਦਿੱਤਾ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ | ਇਸ ਦੌਰਾਨ ਮੌਕੇ 'ਤੇ ਪਹੁੰਚੀ ਸਥਾਨਕ ਪੁਲਿਸ ਨੇ ਟਰੈਕਟਰ ਚਾਲਕ ਸਮੇਤ ਟਰੈਕਟਰ ਟਰਾਲੀ ਨੂੰ ਆਪਣੇ ਕਬਜ਼ੇ 'ਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਦ ਕਿ ਮਿ੍ਤਕ ਦੀ ਲਾਸ਼ ਨੂੰ ਖਰੜ ਦੀ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਹੈ |