ਚੰਡੀਗੜ੍ਹ, 7 ਦਸੰਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਦੇ ਅੰਕੁਰ ਸਕੂਲ ਚੰਡੀਗੜ੍ਹ ਵਿਖੇ ਸਪੈਸ਼ਲ ਉਲੰਪਿਕਸ ਭਾਰਤ ਚੰਡੀਗੜ੍ਹ ਚੈਪਟਰ ਦੇ ਸਹਿਯੋਗ ਨਾਲ 'ਵਰਲਡ ਡਾਇਵਰਸ ਐਬਿਲਟੀ ਡੇ' ਮਨਾਇਆ, ਜਿਸ 'ਚ ਸਮਾਵੇਸ਼, ਸਸ਼ਕਤੀਕਰਨ ਤੇ ਸਮਾਨਤਾ ਨੂੰ ਉਜਾਗਰ ਕੀਤਾ | ਪ੍ਰੋਗਰਾਮ ਦਾ ਮੁੱਖ ਆਕਰਸ਼ਨ ਮੇਜ਼ਬਾਨ ਸਕੂਲ ਅਤੇ ਐਸ. ਓ. ਬੀ. ਦੁਆਰਾ ਸਮਾਵੇਸ਼ੀ ਸੱਭਿਆਚਾਰਕ ਪੇਸ਼ਕਾਰੀ ਤੇ ਇਕ ਦੋਸਤਾਨਾ ਬਾਸਕਟਬਾਲ ਮੈਚ ਖੇਡਿਆ ਗਿਆ | ਸਮਾਰੋਹ 'ਚ ਜੀ. ਆਰ. ਆਈ. ਆਈ. ਡੀ. (ਗਵਰਨਮੈਂਟ ਇੰਸਟੀਚਿਊਟ ਆਫ਼ ਰੀਹੈਬਿਲੀਟੇਸ਼ਨ ਆਫ਼ ਇੰਟਲੈਕਚੁਅਲ ਡਿਸਏਬਿਲਿਟੀਜ਼) ਦੇ 80 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ | ਇਸ ਮੌਕੇ ਦਿਲਪ੍ਰੀਤ ਕੌਰ ਸੇਖੋਂ ਪ੍ਰਧਾਨ ਐਸ. ਓ. ਬੀ. ਚੰਡੀਗੜ੍ਹ ਚੈਪਟਰ ਮੁੱਖ ਮਹਿਮਾਨ ਵਜ਼ੋ ਸ਼ਾਮਿਲ ਹੋਏ | ਸੀ. ਏ. ਡਾ. ਵਿਕਰਮ ਨਈਅਰ ਵਿੱਤ ਤੇ ਵਿਕਾਸ ਅਧਿਕਾਰੀ ਪੰਜਾਬ ਯੂਨੀਵਰਸਿਟੀ, ਪ੍ਰੋ. ਚੰਚਲ ਨਾਰੰਗ ਕਾਨੂੰਨ ਵਿਭਾਗ ਪੀ. ਯੂ. ਤੇ ਡਾ. ਸੁਰੇਂਦਰ ਸਿੰਘਾਨੀਆ ਸੀਨੀਅਰ ਨਰਸਿੰਗ ਅਫ਼ਸਰ ਪੀ. ਜੀ. ਆਈ. ਚੰਡੀਗੜ੍ਹ ਨੇ ਇਸ ਸਮਾਰੋਹ ਦੀ ਸ਼ੋਭਾ ਵਧਾਈ |