ਐੱਸ. ਏ. ਐੱਸ. ਨਗਰ, 23 ਦਸੰਬਰ (ਪ੍ਰੋ. ਅਵਤਾਰ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਕ ਹੋਰ ਮਹੱਤਵਪੂਰਨ ਕਦਮ ਪੁੱਟਦਿਆਂ ਇੰਸਟੀਚਿਊਟ ਆਫ਼ ਚਾਰਟਿਡ ਅਕਾਊਾਟੈਂਟਸ ਆਫ਼ ਇੰਡੀਆ (ਆਈ. ਸੀ. ਏ. ਆਈ.) ਨਾਲ ਸਮਝੌਤਾ ਸਹੀਬੱਧ ਕੀਤਾ ਹੈ | ਇਹ ਸਮਝੌਤਾ ਕਾਮਰਸ ਅਤੇ ਫਾਈਨਾਂਸ ਖੇਤਰ 'ਚ ਵਿਦਿਆਰਥੀਆਂ ਦੀ ਕਰੀਅਰ ਤਿਆਰੀ ਤੇ ਰੁਜ਼ਗਾਰ ਯੋਗਤਾ ਨੂੰ ਮਜ਼ਬੂਤ ਕਰਨ ਦੇ ਖੇਤਰ 'ਚ ਮੀਲ ਪੱਥਰ ਸਾਬਿਤ ਹੋਵੇਗਾ | ਇਹ ਸਮਝੌਤਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਅਤੇ ਸਕੱਤਰ ਗੁਰਿੰਦਰ ਸਿੰਘ ਸੋਢੀ ਵਲੋਂ ਸਰਕਾਰੀ ਤੌਰ 'ਤੇ ਸਹੀਬੱਧ ਕੀਤਾ ਗਿਆ ਹੈ | ਇਸ ਰਣਨੀਤਿਕ ਸਹਿਯੋਗ ਤੋਂ ਬੋਰਡ ਨੂੰ ਅਕਾਦਮਿਕ ਮਜ਼ਬੂਤੀ ਅਤੇ ਭਵਿੱਖਮੁਖੀ ਨਤੀਜਿਆਂ ਦੀ ਪੂਰੀ ਆਸ ਹੈ | ਇਸ ਸਹਿਯੋਗ ਦੇ ਤਹਿਤ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸੰਬੰਧਤ ਤੇ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ 'ਚ ਕਾਮਰਸ ਅਤੇ ਫਾਈਨਾਂਸ ਦੇ ਖੇਤਰਾਂ ਨਾਲ ਸੰਬੰਧਤ ਰੁਜ਼ਗਾਰ ਯੋਗਤਾ ਜਾਗਰੂਕਤਾ, ਕਰੀਅਰ ਤਿਆਰੀ ਅਤੇ ਉੱਚ ਸਿੱਖਿਆ ਦੇ ਮੌਕਿਆਂ ਬਾਰੇ ਜਾਣਕਾਰੀ ਨੂੰ ਸਰਗਰਮ ਤੌਰ 'ਤੇ ਉਤਸ਼ਾਹਿਤ ਕੀਤਾ ਜਾਵੇਗਾ | ਇਹ ਪਹਿਲ ਖ਼ਾਸ ਕਰਕੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਸ਼ੁਰੂਆਤੀ ਪੱਧਰ 'ਤੇ ਕਰੀਅਰ ਮਾਰਗਦਰਸ਼ਨ, ਹੁਨਰ ਵਿਕਾਸ ਅਤੇ ਸੋਚ-ਵਿਚਾਰ ਕਰਕੇ ਕਰੀਅਰ ਚੋਣ ਵੱਲ ਇਕ ਨਿਰਣਾਇਕ ਕਦਮ ਹੈ | ਵਿਦਿਆਰਥੀਆਂ ਨੂੰ ਛੋਟੀ ਉਮਰ ਤੋਂ ਹੀ ਕਾਮਰਸ ਅਤੇ ਫਾਈਨਾਂਸ ਦੇ ਪੇਸ਼ੇਵਰ ਰਸਤੇ ਨਾਲ ਜੋੜ ਕੇ ਇਹ ਸਮਝੌਤਾ ਕਾਮਰਸ ਸਿੱਖਿਆ ਦੀ ਅਕਾਦਮਿਕ ਬੁਨਿਆਦ ਨੂੰ ਮਜ਼ਬੂਤ ਕਰਨ ਅਤੇ ਉਨ੍ਹਾਂ ਨੂੰ ਉੱਚ ਸਿੱਖਿਆ ਤੇ ਪੇਸ਼ੇਵਰ ਜੀਵਨ ਲਈ ਤਿਆਰ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਏਗਾ | ਇਸ ਮੌਕੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਆਈ. ਸੀ. ਏ. ਆਈ ਦੇ ਚੇਅਰਮੈਨ ਸੀ. ਏ. ਦੁਰਗੇਸ਼ ਕੁਮਾਰ ਕਾਬਰਾ ਅਤੇ ਆਈ. ਸੀ. ਏ. ਆਈ ਲੁਧਿਆਣਾ ਬ੍ਰਾਂਚ ਦੇ ਕੀਮਤੀ ਯੋਗਦਾਨ ਨੂੰ ਸਵੀਕਾਰ ਕਰਦਿਆਂ ਸਾਬਕਾ ਚੇਅਰਮੈਨ ਸੀ. ਏ. ਦਿਨੇਸ਼ ਸ਼ਰਮਾ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ, ਜਿਨ੍ਹਾਂ ਦੀ ਵਚਨਬੱਧਤਾ ਅਤੇ ਪਹਿਲ ਇਸ ਸਹਿਯੋਗ ਨੂੰ ਹਕੀਕਤ ਬਣਾਉਣ 'ਚ ਅਹਿਮ ਰਹੀ |