ਐੱਸ. ਏ. ਐੱਸ. ਨਗਰ, 23 ਦਸੰਬਰ (ਪ੍ਰੋ. ਅਵਤਾਰ ਸਿੰਘ)-ਜੁਆਇੰਟ ਐਕਸ਼ਨ ਕਮੇਟੀ ਆਫ਼ ਵੈਟਸ ਫਾਰ ਪੇਅ ਪੈਰਿਟੀ ਦੇ ਸੱਦੇ 'ਤੇ ਜ਼ਿਲ੍ਹਾ ਮੁਹਾਲੀ ਦੇ ਵੈਟਰਨਰੀ ਡਾਕਟਰਾਂ ਵਲੋਂ ਪਸ਼ੂ-ਪਾਲਣ ਵਿਭਾਗ ਦੀਆਂ ਵੈਟਰਨਰੀ ਸੇਵਾਵਾਂ ਨੂੰ 2 ਦਿਨਾਂ ਲਈ ਠੱਪ ਕਰਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ | ਜ਼ਿਕਰਯੋਗ ਹੈ ਕਿ ਪੰਜਾਬ ਦੇ ਵੈਟਰਨਰੀ ਡਾਕਟਰ ਪਿਛਲੇ ਕਰੀਬ 5 ਸਾਲਾਂ ਤੋਂ ਆਪਣੀਆਂ ਜਾਇਜ਼ ਮੰਗਾਂ ਜਿਵੇਂ ਕਿ 42 ਸਾਲਾਂ ਤੋਂ ਚੱਲੀ ਮੈਡੀਕੋਜ਼ ਨਾਲ ਪੇਅ-ਪੈਰਿਟੀ ਦੀ ਬਹਾਲੀ, ਡੀ. ਏ. ਸੀ. ਪੀ. (ਡਾਇਨਾਮਿਕ ਅਸ਼ੋਰਡ ਕੈਰੀਅਰ ਪ੍ਰੋਗਰੈਸ਼ਨ ) 4-9-14 ਸਕੀਮ ਦੀ ਬਹਾਲੀ, ਐਚ. ਆਰ. ਏ. ਆਨ ਐਨ. ਪੀ. ਏ. ਮੁੜ ਲਾਗੂ ਕਰਵਾਉਣਾ ਅਤੇ ਪ੍ਰੋਬੇਸ਼ਨ ਦੌਰਾਨ ਪੂਰੀ ਤਨਖ਼ਾਹ ਆਦਿ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ, ਪਰ ਮੌਜੂਦਾ ਸਰਕਾਰ ਲਗਾਤਾਰ ਲਾਰੇ ਲਗਾਉਂਦੀ ਆ ਰਹੀ ਹੈ | ਦੋ ਦਿਨਾਂ ਲਈ ਪਸ਼ੂ ਸਿਹਤ ਸੇਵਾਵਾਂ ਠੱਪ ਰੱਖਣ ਦੇ ਫ਼ੈਸਲੇ ਦੇ ਅੱਜ ਪਹਿਲੇ ਦਿਨ ਸੂਬੇ ਦੇ ਵੈਟਰਨਰੀ ਡਾਕਟਰਾਂ ਵਲੋਂ ਆਪੋ ਆਪਣੇ ਜ਼ਿਲਿ੍ਹਆਂ ਦੇ ਪੌਲੀਕਲੀਨਿਕਾਂ ਵਿਖੇ ਇਕੱਠੇ ਹੋ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਸਰਕਾਰ ਦੇ ਵਿੱਤ ਵਿਭਾਗ ਵਲੋਂ ਗ਼ਲਤ ਢੰਗ ਅਪਣਾ ਕੇ ਪੇਅ ਪੈਰਿਟੀ ਭੰਗ ਕਰਨ ਵਾਲੇ 4 ਜਨਵਰੀ 2021 ਦੇ ਪੱਤਰ ਅਤੇ ਪਸ਼ੂ-ਪਾਲਣ ਵਿਭਾਗ ਵਲੋਂ 12 ਜਨਵਰੀ 2021 ਨੂੰ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ | ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸਾਂਝੀ ਕਮੇਟੀ ਦੇ ਕੋ-ਕਨਵੀਨਰ ਡਾ. ਅਬਦੁਲ ਮਜੀਦ, ਸੂਬਾ ਮੀਡੀਆ ਮੁਖੀ ਡਾ. ਗੁਰਿੰਦਰ ਸਿੰਘ ਵਾਲੀਆ, ਜ਼ਿਲ੍ਹਾ ਪ੍ਰਧਾਨ ਡਾ. ਨਿਤਨ ਗੌਤਮ ਤੇ ਡਾ. ਗੁਰਨਾਮ ਸਿੰਘ ਆਦਿ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੂੰ ਉਨ੍ਹਾਂ ਦੀਆਂ ਮੰਗਾਂ ਵੱਲ ਨਿੱਜੀ ਦਿਲਚਸਪੀ ਲੈਂਦਿਆਂ ਪਹਿਲ ਦੇ ਆਧਾਰ 'ਤੇ ਹੱਲ ਕਰਨਾ ਚਾਹੀਦਾ ਹੈ | ਇਸ ਮੌਕੇ ਡਾ. ਹਰਪ੍ਰੀਤ ਤੂਰ, ਡਾ. ਪ੍ਰੇਮ ਕੁਮਾਰ, ਡਾ. ਲਖਨ ਸਚਦੇਵਾ, ਡਾ. ਕੁਲਜੋਤਵੀਰ ਸਿੰਘ, ਡਾ. ਰਾਣਾ ਪ੍ਰੀਤ ਗਿੱਲ, ਡਾ. ਰਿਤੂ ਅਰੋੜਾ, ਡਾ. ਦੇਵਿੰਦਰ ਪਾਲ ਸਿੰਘ, ਸੇਵਾ-ਮੁਕਤ ਅਫ਼ਸਰ ਡਾ. ਮਧੂਕੇਸ ਪਲਟਾ, ਡਾ. ਦੇਸ਼ ਦੀਪਕ ਤੇ ਡਾ. ਐੱਮ. ਐੱਮ. ਸਿੰਗਲਾ ਸਮੇਤ ਵੱਡੀ ਗਿਣਤੀ 'ਚ ਵੈਟਰਨਰੀ ਡਾਕਟਰ ਹਾਜ਼ਰ ਸਨ |