ਜ਼ੀਰਕਪੁਰ, 23 ਦਸੰਬਰ (ਮਨਿੰਦਰ ਸਿੰਘ)-ਜ਼ੀਰਕਪੁਰ ਪੁਲਿਸ ਵਲੋਂ ਦੇਹ ਵਪਾਰ ਦੇ ਧੰਦੇ ਵਿਚ ਸ਼ਾਮਿਲ ਹੋਟਲਾਂ ਤੇ ਸਪਾ ਸੈਂਟਰਾਂ 'ਤੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ | ਮੰਗਲਵਾਰ ਨੂੰ ਏ. ਐੱਸ. ਪੀ. ਗਜ਼ਲਪ੍ਰੀਤ ਕੌਰ ਦੀ ਅਗਵਾਈ ਵਿਚ ਬਲਟਾਣਾ ਸਥਿਤ ਦੋ ਹੋਟਲਾਂ ਤੇ ਇਕ ਸਪਾ ਸੈਂਟਰ 'ਤੇ ਛਾਪੇਮਾਰੀ ਕਰਕੇ 11 ਕੁੜੀਆਂ ਨੂੰ ਰੈਸਕਿਊ ਕੀਤਾ ਗਿਆ | ਇਸ ਮੌਕੇ ਹੋਟਲ ਸੰਚਾਲਕ ਤੇ ਮੈਨੇਜਰ ਸਮੇਤ ਚਾਰ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਵਿਰੁੱਧ ਇਮੋਰਲ ਟ੍ਰੈਫਿਕਿੰਗ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ | ਇਸ ਦੌਰਾਨ ਡਿਊਟੀ ਮੈਜਿਸਟ੍ਰੇਟ ਨੂੰ ਮੌਕੇ 'ਤੇ ਬੁਲਾ ਕੇ ਉਨ੍ਹਾਂ ਦੀ ਨਿਗਰਾਨੀ ਵਿਚ ਦੋਵੇਂ ਹੋਟਲਾਂ ਤੇ ਸਪਾ ਸੈਂਟਰ ਨੂੰ ਸੀਲ ਕੀਤਾ ਗਿਆ | ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਪੀ. ਗਜ਼ਲਪ੍ਰੀਤ ਕੌਰ ਨੇ ਦੱਸਿਆ ਕਿ ਹੋਟਲਾਂ ਤੇ ਸਪਾ ਸੈਂਟਰਾਂ ਦੀ ਆੜ ਵਿਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਨੂੰ ਰੋਕਣ ਲਈ ਕਾਰਵਾਈ ਕਰਦਿਆਂ ਅੱਜ ਬਲਟਾਣਾ ਇਲਾਕੇ ਵਿਚ ਸਥਿਤ ਹੋਟਲ ਸੰਗਮ, ਹੋਟਲ ਗਿੰਨੀ ਤੇ ਏ-ਵਨ ਸਪਾ ਸੈਂਟਰ 'ਤੇ ਛਾਪੇਮਾਰੀ ਕੀਤੀ ਗਈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਨ੍ਹਾਂ ਹੋਟਲਾਂ ਤੇ ਸਪਾ ਸੈਂਟਰ ਵਿਚ ਦੇਹ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਸੀ, ਜਿਨ੍ਹਾਂ 'ਤੇ ਛਾਪੇਮਾਰੀ ਦੌਰਾਨ ਪੁਲਿਸ ਵਲੋਂ ਮੌਕੇ ਤੋਂ 11 ਕੁੜੀਆਂ ਨੂੰ ਬਚਾਇਆ ਗਿਆ | ਉਨ੍ਹਾਂ ਦੱਸਿਆ ਕਿ ਪੁਲਿਸ ਨੇ ਹੋਟਲ ਸੰਚਾਲਕ ਤੇ ਮੌਕੇ 'ਤੇ ਮੌਜੂਦ ਹੋਟਲ ਦੇ ਮੈਨੇਜਰ ਸਮੇਤ ਚਾਰ ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਕੇ ਉਨ੍ਹਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਇਸ ਮੌਕੇ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਕਿਰਾਏਦਾਰਾਂ ਸੰਬੰਧਤ ਥਾਣੇ ਜਾਂ ਚੌਕੀ ਤੋਂ ਵੈਰੀਫਿਕੇਸ਼ਨ ਕਰਵਾਉਣ ਦੀ ਅਪੀਲ ਵੀ ਕੀਤੀ | ਉਨ੍ਹਾਂ ਕਿਹਾ ਕਿ ਉਹ ਕਿਰਾਏਦਾਰਾਂ ਦੀ ਵੈਰੀਫਿਕੇਸ਼ਨ ਸੰਬੰਧੀ ਇਕ ਨਵਾਂ ਪ੍ਰੋਗਰਾਮ ਵੀ ਲੈ ਕੇ ਆ ਰਹੇ ਹਨ, ਜਿਸ ਦੀ ਜਾਣਕਾਰੀ ਜਲਦ ਸਾਂਝੀ ਕੀਤੀ ਜਾਵੇਗੀ | ਹੋਟਲ ਤੇ ਸਪਾ ਸੈਂਟਰ ਦੇ ਮਾਲਕਾਂ ਨੂੰ ਚੇਤਾਵਨੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਕਾਰਵਾਈ ਇਕ ਜਾਂ ਦੋ ਦਿਨ ਲਈ ਨਹੀਂ ਹੈ, ਸਗੋਂ ਇਹ ਲਗਾਤਾਰ ਜਾਰੀ ਰਹੇਗੀ | ਇਸ ਲਈ ਉਨ੍ਹਾਂ ਦੀ ਗੱਲ ਨੂੰ ਹਲਕੇ ਵਿਚ ਨਾ ਲਿਆ ਜਾਵੇ | ਉਨ੍ਹਾਂ ਕਿਹਾ ਕਿ ਲੋਕ ਉਨ੍ਹਾਂ 'ਤੇ ਭਰੋਸਾ ਕਰਕੇ ਉਨ੍ਹਾਂ ਨੂੰ ਸ਼ਹਿਰ ਵਿਚ ਹੋ ਰਹੇ ਗਲਤ ਕੰਮਾਂ ਬਾਰੇ ਸੂਚਨਾ ਦਿੰਦੇ ਹਨ, ਇਸ ਲਈ ਉਹ ਲੋਕਾਂ ਦਾ ਭਰੋਸਾ ਬਿਲਕੁਲ ਵੀ ਟੁੱਟਣ ਨਹੀਂ ਦੇਣਗੇ ਅਤੇ ਇਹ ਕਾਰਵਾਈ ਅੱਗੇ ਵੀ ਜਾਰੀ ਰਹੇਗੀ | ਉਨ੍ਹਾਂ ਇਹ ਵੀ ਚੇਤਾਵਨੀ ਦਿੱਤੀ ਕਿ ਜੇਕਰ ਕੋਈ ਹੋਟਲ ਜਾਂ ਸਪਾ ਸੈਂਟਰ ਦੁਬਾਰਾ ਤੋਂ ਇਸ ਧੰਦੇ ਵਿਚ ਲਿਪਤ ਮਿਲਦਾ ਹੈ ਤਾਂ ਉਨ੍ਹਾਂ ਦੀ ਪ੍ਰਾਪਰਟੀ ਫ੍ਰੀਜ਼ ਕੀਤੀ ਜਾਵੇਗੀ |