ਐੱਸ. ਏ. ਐੱਸ. ਨਗਰ, 23 ਦਸੰਬਰ (ਕਪਿਲ ਵਧਵਾ)-ਮੁਹਾਲੀ ਦੇ ਥਾਣਾ ਮਟੌਰ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਦੀਆਂ 25 ਪੇਟੀਆਂ ਸਮੇਤ ਗਿ੍ਫ਼ਤਾਰ ਕੀਤਾ ਹੈ, ਜਿਸ ਦੀ ਪਛਾਣ ਅਜੇ ਕੁਮਾਰ ਵਾਸੀ ਲੋਧੀਪੁਰ (ਸ੍ਰੀ ਅਨੰਦਪੁਰ ਸਾਹਿਬ) ਵਜੋਂ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਐੱਸ. ਅੱੈਚ. ਓ. ਰੁਪਿੰਦਰ ਸਿੰਘ ਦੇ ਨਿਰਦੇਸ਼ਾਂ 'ਤੇ ਇਕ ਪੁਲਿਸ ਪਾਰਟੀ ਆਬਾਕਾਰੀ ਵਿਭਾਗ ਦੀ ਟੀਮ ਸਮੇਤ ਪਿੰਡ ਮਟੌਰ ਦੀ ਸਬਜ਼ੀ ਮੰਡੀ ਵਿਖੇ ਗਸ਼ਤ ਕਰ ਰਹੀ ਸੀ ਅਤੇ ਇਸੇ ਦੌਰਾਨ ਅਧਿਕਾਰੀਆਂ ਨੂੰ ਗੁਪਤ ਸੂਚਨਾ ਮਿਲੀ ਕਿ ਅਜੇ ਨਾਂਅ ਦਾ ਵਿਅਕਤੀ ਆਪਣੀ ਆਈ-20 ਕਾਰ 'ਚ ਨਾਜਾਇਜ਼ ਸ਼ਰਾਬ ਲੋਡ ਕਰਕੇ ਕਿਧਰੇ ਸਪਲਾਈ ਕਰਨ ਲਈ ਜਾ ਰਿਹਾ ਹੈ | ਇਸ ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਤੁਰੰਤ ਨਾਕਾਬੰਦੀ ਕਰਕੇ ਉਕਤ ਕਾਰ ਨੂੰ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ 'ਚੋਂ ਨਾਜਾਇਜ਼ ਸ਼ਰਾਬ ਦੀਆਂ 25 ਪੇਟੀਆਂ ਮਾਰਕਾ 999 ਵਿਸਕੀ ਬਰਾਮਦ ਹੋਈਆਂ | ਪੁਲਿਸ ਨੇ ਉਕਤ ਮੁਲਜ਼ਮ ਵਿਰੁੱਧ ਆਬਾਕਾਰੀ ਅਤੇ ਕਰ ਐਕਟ ਦੀ ਧਾਰਾ 61, 1, 14 ਤਹਿਤ ਐੱਫ. ਆਈ. ਆਰ. ਦਰਜ ਕਰਕੇ ਉਸ ਨੂੰ ਮੁਹਾਲੀ ਅਦਾਲਤ 'ਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਇਕ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ | ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬਰਾਮਦ ਸ਼ਰਾਬ ਸਿਰਫ਼ ਚੰਡੀਗੜ੍ਹ 'ਚ ਵਿਕਣਯੋਗ ਸੀ, ਲਿਹਾਜ਼ਾ ਉਕਤ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਇਹ ਸ਼ਰਾਬ ਕਿਥੋਂ ਲੈ ਕੇ ਆਇਆ ਸੀ ਅਤੇ ਅੱਗੇ ਕਿਸ ਨੂੰ ਸਪਲਾਈ ਕੀਤੀ ਜਾਣੀ ਸੀ |