ਡੇਰਾਬੱਸੀ, 23 ਦਸੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਨਗਰ ਕੌਂਸਲ ਅਧੀਨ ਪੈਂਦੇ ਪਿੰਡ ਧਨੌਨੀ ਵਿਖੇ ਆਰੇ ਦੇ ਨੇੜੇ ਰਹਿੰਦੇ ਇਕ ਪਰਿਵਾਰ ਦੇ ਡੇਢ ਸਾਲਾ ਬੱਚੇ ਦੀ ਖੇਡਦੇ ਸਮੇਂ ਪਾਣੀ ਦੇ ਭਰੇ ਟੱਪ 'ਚ ਡਿੱਗਣ ਕਰਕੇ ਮੌਤ ਹੋ ਗਈ, ਜਦਕਿ 5 ਦਿਨਾਂ ਪਹਿਲਾਂ ਮਿ੍ਤਕ ਬੱਚੇ ਦੇ ਦਾਦੇ ਦੀ ਮੌਤ ਹੋਈ ਸੀ | ਇਸ ਦਰਦਨਾਕ ਹਾਦਸੇ ਨਾਲ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਗੁਰਵਿੰਦਰ ਸਿੰਘ ਪੁੱਤਰ ਕਰਮ ਸਿੰਘ ਤਿੰਨ ਭਰਾ ਹਨ | ਪਰਿਵਾਰ ਪਹਿਲਾਂ ਹੀ ਦੁੱਖੀ ਸੀ ਕਿਉਂਕਿ ਗੁਰਵਿੰਦਰ ਸਿੰਘ ਦੇ ਪਿਤਾ ਦੀ ਬੀਤੇ ਸ਼ੁੱਕਰਵਾਰ ਮੌਤ ਹੋਈ ਸੀ, ਜਿਨ੍ਹਾਂ ਦੇ ਐਤਵਾਰ ਨੂੰ ਫੁੱਲ ਚੁੱਗੇ ਗਏ ਸਨ ਅਤੇ ਇਸੇ ਦਰਮਿਆਨ ਪਰਿਵਾਰ ਨਾਲ ਇਕ ਹੋਰ ਵੱਡਾ ਹਾਦਸਾ ਵਾਪਰ ਗਿਆ | ਗੁਰਵਿੰਦਰ ਸਿੰਘ ਦਾ ਘਰ ਪਿੰਡ ਤੋਂ ਬਾਹਰ ਆਰੇ 'ਤੇ ਹੈ | ਉਸ ਦੀ ਸਾਢੇ ਤਿੰਨ ਸਾਲਾ ਵੱਡੀ ਲੜਕੀ ਤੇ ਡੇਢ ਸਾਲਾ ਛੋਟਾ ਲੜਕਾ ਦੁਪਹਿਰ ਸਮੇਂ ਘਰ 'ਚ ਖੇਡ ਰਹੇ ਸਨ | ਇਸੇ ਦੌਰਾਨ ਡੇਢ ਸਾਲਾ ਲੜਕਾ ਇਮਨਜੋਤ ਸਿੰਘ ਆਪਣੀ ਭੈਣ ਦੇ ਪਿੱਛੇ-ਪਿੱਛੇ ਚੁਬਾਰੇ 'ਤੇ ਚੜ੍ਹ ਗਿਆ ਤੇ ਉਥੇ ਪਏ ਪਾਣੀ ਦੇ ਟੱਪ 'ਚ ਡਿੱਗ ਗਿਆ | ਹਾਲਾਂਕਿ ਇਮਨਜੋਤ ਸਿੰਘ ਪਾਣੀ ਦੇ ਟੱਪ ਤੋਂ ਬਾਹਰ ਬੇਸੁੱਧ ਹੋਇਆ ਮਿਲਿਆ, ਜਿਸ ਨੂੰ ਪਰਿਵਾਰਕ ਮੈਂਬਰਾਂ ਨੇ ਤੁਰੰਤ ਡੇਰਾਬੱਸੀ ਦੇ ਸਿਵਲ ਹਸਪਤਾਲ ਵਿਖੇ ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਕਰਾਰ ਦੇ ਦਿੱਤਾ | ਗੌਰਤਲਬ ਹੈ ਕਿ ਗੁਰਵਿੰਦਰ ਸਿੰਘ ਦੇ ਤਿੰਨਾਂ ਭਰਾਵਾਂ ਕੋਲ ਇਮਨਜੋਤ ਸਿੰਘ ਇਕਲੌਤਾ ਲੜਕਾ ਸੀ | ਇਕ ਪਾਸੇ ਪਿਤਾ ਦੀ ਮੌਤ ਦਾ ਗਮ ਅਤੇ ਦੂਜੇ ਪਾਸੇ ਨਿੱਕੇ ਬੱਚੇ ਨਾਲ ਵਾਪਰੇ ਹਾਦਸੇ ਨੇ ਪਰਿਵਾਰ ਨੂੰ ਤੋੜ ਕੇ ਰੱਖ ਦਿੱਤਾ ਹੈ | ਇਲਾਕੇ ਦੇ ਲੋਕਾਂ ਵਲੋਂ ਪੀੜਤ ਪਰਿਵਾਰ ਨਾਲ ਡੂੰਘੀ ਹਮਦਰਦੀ ਜ਼ਾਹਿਰ ਕੀਤੀ ਜਾ ਰਹੀ ਹੈ |