ਖਰੜ, 23 ਦਸੰਬਰ (ਜੰਡਪੁਰੀ)-ਸਥਾਨਕ ਹਸਪਤਾਲ ਰੋਡ 'ਤੇ ਸਥਿਤ ਜੀਸਜ਼ ਹੋਪ ਫੈਲੋਸ਼ਿਪ ਚਰਚ ਵਲੋਂ ਕਿ੍ਸਮਸ ਨੂੰ ਸਮਰਪਿਤ ਲੰਗਰ ਲਗਾਇਆ | ਇਸ ਮੌਕੇ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਉਚੇਚੇ ਤੌਰ 'ਤੇ ਹਾਜ਼ਰੀ ਭਰਦਿਆਂ ਇਸਾਈ ਭਾਈਚਾਰੇ ਦੇ ਲੋਕਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਹਰ ਇਨਸਾਨ ਨੂੰ ਅੰਨ-ਪਾਣੀ ਮਿਲਣਾ ਚਾਹੀਦਾ ਹੈ | ਕੇਂਦਰ ਸਰਕਾਰ ਵਲੋਂ ਮਗਨਰੇਗਾ ਸਕੀਮ ਬਾਬਤ ਲਏ ਗਏ ਫ਼ੈਸਲੇ ਸੰਬੰਧੀ ਪੁੱਛੇ ਗਏ ਸਵਾਲ ਦੇ ਜਵਾਬ 'ਚ ਕੰਗ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕੇਵਲ ਮਗਨਰੇਗਾ ਸਕੀਮ ਦਾ ਨਾਂਅ ਹੀ ਨਹੀਂ ਬਦਲਿਆ, ਬਲਕਿ ਉਸ ਦਾ ਸੰਕਲਪ ਤੇ ਮਕਸਦ ਵੀ ਖ਼ਤਮ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਪਿੰਡਾਂ ਦੇ ਗ਼ਰੀਬ ਲੋਕਾਂ ਦਾ ਮਗਨਰੇਗਾ ਰੁਜ਼ਗਾਰ ਦਾ ਇਕ-ਮਾਤਰ ਸਾਧਨ ਸੀ, ਪਰ ਮਗਨਰੇਗਾ 'ਚ ਤਰਮੀਮ ਕਰਕੇ ਕੇਂਦਰ ਸਰਕਾਰ ਨੇ ਗ਼ਰੀਬ ਲੋਕਾਂ ਦੀ ਰੋਜ਼ੀ-ਰੋਟੀ 'ਤੇ ਲੱਤ ਮਾਰੀ ਹੈ | ਉਨ੍ਹਾਂ ਕਿਹਾ ਕਿ ਇਸ ਖ਼ਿਲਾਫ਼ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵਿਸ਼ੇਸ਼ ਸੈਸ਼ਨ ਸੱਦਿਆ ਗਿਆ ਹੈ | ਨਿਊਜ਼ੀਲੈਂਡ ਵਿਖੇ ਨਗਰ ਕੀਰਤਨ ਦੌਰਾਨ ਵਾਪਰੇ ਘਟਨਾਕ੍ਰਮ ਦੀ ਨਿਖੇਧੀ ਕਰਦਿਆਂ ਉਨ੍ਹਾਂ ਕਿਹਾ ਕਿ ਹਰ ਵਿਅਕਤੀ/ ਕੌਮ ਨੂੰ ਆਪਣੇ ਤਰੀਕੇ ਨਾਲ ਆਪਣੀਆਂ ਧਾਰਮਿਕ ਭਾਵਨਾਵਾਂ ਪ੍ਰਗਟ ਕਰਨ ਦਾ ਅਧਿਕਾਰ ਹੈ | ਉਨ੍ਹਾਂ ਸਿੱਖ ਭਾਈਚਾਰੇ ਨੂੰ ਵੀ ਅਪੀਲ ਕੀਤੀ ਕਿ ਉਹ ਜਿਹੜੇ ਵੀ ਮੁਲਕ 'ਚ ਰਹਿੰਦੇ ਹਨ, ਉਥੋਂ ਦੇ ਕਾਨੂੰਨ ਦੀ ਉਲੰਘਣਾ ਨਾ ਕਰਨ ਤੇ ਭਾਈਚਾਰਕ ਸਾਂਝ ਅਤੇ ਸਦਭਾਵਨਾ ਨੂੰ ਕਾਇਮ ਰੱਖਣ | ਇਸ ਮੌਕੇ ਇਸਾਈ ਭਾਈਚਾਰੇ ਵਲੋਂ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਦਾ ਉਚੇਚੇ ਤੌਰ 'ਤੇ ਸਨਮਾਨ ਵੀ ਕੀਤਾ | ਇਸ ਮੌਕੇ ਹਾਕਮ ਸਿੰਘ ਵਾਲੀਆ, ਜਤਿੰਦਰ ਰਾਣਾ ਚੋਲਟਾ, ਰਾਮ ਸਰੂਪ ਕੌਂਸਲਰ, ਜਸਪ੍ਰੀਤ ਸਿੰਘ, ਮਨਪ੍ਰੀਤ ਸਿੰਘ ਗੜਾਂਗ ਅਤੇ ਕਰਮਜੀਤ ਸਿੰਘ ਵਾਲੀਆ ਸਮੇਤ ਇਸਾਈ ਭਾਈਚਾਰੇ ਦੇ ਪਤਵੰਤੇ ਵੀ ਹਾਜ਼ਰ ਸਨ |