ਚੰਡੀਗੜ੍ਹ, 24 ਦਸੰਬਰ (ਕਪਿਲ ਵਧਵਾ)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ 24 ਦਸੰਬਰ ਨੂੰ ਪੰਚਕੂਲਾ ਵਿਖੇ ਦੌਰੇ ਅਤੇ ਅਟਲ ਬਿਹਾਰੀ ਵਾਜਪੇਈ ਦੀ ਮੂਰਤੀ ਦੇ ਉਦਘਾਟਨ ਸਮਾਗਮ ਨੂੰ ਧਿਆਨ ਵਿਚ ਰੱਖਦੇ ਹੋਏ, ਚੰਡੀਗੜ੍ਹ ਟਰੈਫਿਕ ਪੁਲਿਸ ਵਲੋਂ ਟਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ | ਇਸ ਦੌਰਾਨ ਸ਼ਹਿਰ ਦੇ ਕਈ ਮੁੱਖ ਮਾਰਗਾਂ 'ਤੇ ਖਾਸ ਟਰੈਫਿਕ ਪ੍ਰਬੰਧ ਲਾਗੂ ਰਹਿਣਗੇ | ਟਰੈਫਿਕ ਪੁਲਿਸ ਮੁਤਾਬਕ 24 ਦਸੰਬਰ ਨੂੰ ਦੁਪਹਿਰ 2:30 ਵਜੇ ਤੋਂ 4:00 ਵਜੇ ਤੱਕ ਅਤੇ ਸ਼ਾਮ 7:00 ਵਜੇ ਤੋਂ 8:30 ਵਜੇ ਤੱਕ ਦੱਖਣ ਮਾਰਗ 'ਤੇ ਏਅਰਪੋਰਟ ਲਾਈਟ ਪੁਆਇੰਟ ਤੋਂ ਟਿ੍ਬਿਊਨ ਚੌਕ ਤੱਕ, ਪੂਰਵ ਮਾਰਗ 'ਤੇ ਟਿ੍ਬਿਊਨ ਚੌਕ ਤੋਂ ਟਰਾਂਸਪੋਰਟ ਲਾਈਟ ਪੁਆਇੰਟ ਤੱਕ ਅਤੇ ਮੱਧ ਮਾਰਗ 'ਤੇ ਟਰਾਂਸਪੋਰਟ ਲਾਈਟ ਪੁਆਇੰਟ ਤੋਂ ਫਨ ਰਿਪਬਲਿਕ ਲਾਈਟ ਪੁਆਇੰਟ ਵੱਲ, ਪੰਚਕੂਲਾ ਵੱਲ ਜਾਣ ਵਾਲੀ ਆਵਾਜਾਈ ਨੂੰ ਕੰਟਰੋਲ ਕੀਤਾ ਜਾਵੇਗਾ | ਚੰਡੀਗੜ੍ਹ ਟਰੈਫਿਕ ਪੁਲਿਸ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਵਿਕਲਪੀ ਰਸਤੇ ਵਰਤਣ ਅਤੇ ਟਰੈਫਿਕ ਸੰਬੰਧੀ ਤਾਜ਼ਾ ਜਾਣਕਾਰੀ ਲਈ ਟਰੈਫਿਕ ਪੁਲਿਸ ਦੇ ਅਧਿਕਾਰਿਤ ਸੋਸ਼ਲ ਮੀਡੀਆ ਹੈਂਡਲਾਂ 'ਤੇ ਨਜ਼ਰ ਬਣਾਈ ਰੱਖਣ | ਟਰੈਫਿਕ ਪੁਲਿਸ ਨੇ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਹੈ ਕਿ ਸੁਰੱਖਿਆ ਅਤੇ ਵਿਵਸਥਾ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਪ੍ਰਬੰਧ ਕੀਤੇ ਗਏ ਹਨ |