ਚੰਡੀਗੜ੍ਹ ਨਗਰ ਨਿਗਮ 'ਚ ਕੁੱਲ 35 ਚੁਣੇ ਹੋਏ ਕੌਂਸਲਰ ਹਨ | ਮੇਅਰ ਚੋਣ ਦੌਰਾਨ ਚੰਡੀਗੜ੍ਹ ਦੇ ਸੰਸਦ ਮੈਂਬਰ ਦੀ ਵੀ ਵੋਟ ਹੁੰਦੀ ਹੈ, ਜਿਸ ਨਾਲ ਕੁੱਲ ਵੋਟਾਂ ਦੀ ਗਿਣਤੀ 36 ਬਣਦੀ ਹੈ | ਹਾਲਾਂਕਿ ਨਗਰ ਨਿਗਮ 'ਚ 9 ਨਾਮਜ਼ਦ ਕੌਂਸਲਰ ਵੀ ਹਨ, ਪਰ ਉਨ੍ਹਾਂ ਕੋਲ ਵੋਟ ਪਾਉਣ ਦਾ ਅਧਿਕਾਰ ਨਹੀਂ ਹੁੰਦਾ | ਇਸ ਤਾਜ਼ਾ ਫੇਰਬਦਲ ਤੋਂ ਪਹਿਲਾਂ ਭਾਜਪਾ ਕੋਲ 16 ਅਤੇ ਆਮ ਆਦਮੀ ਪਾਰਟੀ ਕੋਲ 13 ਵੋਟ ਸਨ | ਦੋ ਮਹਿਲਾ ਕੌਂਸਲਰਾਂ ਦੇ ਆਪ ਛੱਡਣ ਤੋਂ ਬਾਅਦ ਭਾਜਪਾ ਦੇ ਵੋਟ ਵੱਧ ਕੇ 18 ਹੋ ਗਏ ਹਨ, ਜਦਕਿ ਆਪ 11 ਵੋਟਾਂ ਤੱਕ ਸੀਮਿਤ ਰਹਿ ਗਈ ਹੈ | ਕਾਂਗਰਸ ਕੋਲ 6 ਕੌਂਸਲਰ ਹਨ ਅਤੇ ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ ਤਿਵਾਰੀ ਦਾ ਇੱਕ ਵੋਟ ਮਿਲਾ ਕੇ ਕਾਂਗਰਸ ਕੋਲ ਕੁੱਲ 7 ਵੋਟ ਬਣਦੇ ਹਨ | ਮੇਅਰ ਬਣਨ ਲਈ 19 ਵੋਟਾਂ ਦੀ ਲੋੜ ਹੁੰਦੀ ਹੈ, ਜਿਸ ਨਾਲ ਭਾਜਪਾ ਹੁਣ ਸਿਰਫ ਇਕ ਵੋਟ ਤੋਂ ਦੂਰ ਹੈ | ਇਸ ਸਮੇਂ ਚੰਡੀਗੜ੍ਹ ਦੀ ਮੇਅਰ ਹਰਪ੍ਰੀਤ ਕੌਰ ਬਬਲਾ ਹਨ | ਪਿਛਲੇ ਕੁਝ ਸਾਲਾਂ ਤੋਂ ਚੰਡੀਗੜ੍ਹ ਨਗਰ ਨਿਗਮ ਦੀਆਂ ਮੇਅਰ ਚੋਣਾਂ ਕ੍ਰਾਸ ਵੋਟਿੰਗ ਅਤੇ ਸਿਆਸੀ ਵਿਵਾਦਾਂ ਕਰਕੇ ਚਰਚਾ 'ਚ ਰਹੇ ਹਨ | ਗੁਪਤ ਮਤਦਾਨ ਰਾਹੀਂ ਹੋਣ ਵਾਲੀ ਚੋਣ ਕਾਰਨ ਆਖਰੀ ਪਲਾਂ ਵਿਚ ਅਕਸਰ ਸਿਆਸੀ ਗਣਿਤ ਬਦਲ ਜਾਂਦਾ ਹੈ |