ਐੱਸ. ਏ. ਐੱਸ. ਨਗਰ, 29 ਦਸੰਬਰ (ਕਪਿਲ ਵਧਵਾ)-ਸਥਾਨਕ ਸੈਕਟਰ-76 ਤੋਂ ਚੱਪੜਚਿੜੀ ਰੋਡ 'ਤੇ 28-29 ਦਸੰਬਰ ਦੀ ਦਰਮਿਆਨੀ ਰਾਤ 2.30 ਵਜੇ ਦੇ ਕਰੀਬ ਦੋ ਕਾਰਾਂ ਵਿਚਕਾਰ ਹੋਈ ਭਿਆਨਕ ਟੱਕਰ 'ਚ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਜ਼ਖ਼ਮੀ ਹੋ ਗਏ ਹਨ | ਇਹ ਸੜਕ ਹਾਦਸਾ ਇੰਡਸਟਰੀਅਲ ਏਰੀਆ ਫੇਜ਼-8ਬੀ ਪੁਲਿਸ ਚੌਕੀ ਦੀ ਹੱਦ 'ਚ ਵਾਪਰਿਆ | ਫਾਰਚੂਨਰ ਅਤੇ ਆਈ-20 ਕਾਰ ਵਿਚ ਹੋਈ ਇਹ ਟੱਕਰ ਇੰਨੀ ਜ਼ੋਰਦਾਰ ਸੀ ਕਿ ਦੋਵੇਂ ਵਾਹਨਾਂ ਦਾ ਅਗਲਾ ਹਿੱਸਾ ਚੱਕਨਾ-ਚੂਰ ਹੋ ਗਿਆ | ਇਸ ਘਟਨਾ ਵਿਚ ਮਿ੍ਤਕ ਨੌਜਵਾਨ ਦੀ ਪਛਾਣ ਸਾਹਿਬਦੀਪ ਸਿੰਘ (22) ਵਾਸੀ ਪਿੰਡ ਰੌਣੀ ਜ਼ਿਲ੍ਹਾ ਖੰਨਾ ਵਜੋਂ ਹੋਈ ਹੈ ਜੋ ਆਈ-20 ਵਿਚ ਆਪਣੇ ਨਾਲ ਦੇ ਪਿੰਡਾਂ ਦੇ ਤਿੰਨ ਦੋਸਤਾਂ ਨਾਲ ਸਵਾਰ ਸੀ | ਹਾਦਸੇ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਤੇ ਸਾਰੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਨੇ ਸਾਹਿਬਦੀਪ ਸਿੰਘ ਨੂੰ ਮਿ੍ਤਕ ਐਲਾਨ ਦਿੱਤਾ, ਜਦ ਕਿ ਉਸ ਦੇ ਇਕ ਸਾਥੀ ਨੌਜਵਾਨ ਦੀ ਹਾਲਤ ਗੰਭੀਰ ਹੋਣ ਕਰਕੇ ਉਸ ਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫ਼ਰ ਕੀਤਾ ਗਿਆ ਹੈ ਤੇ ਬਾਕੀ ਨੌਜਵਾਨ ਫੇਜ਼-6 ਸਰਕਾਰੀ ਹਸਪਤਾਲ ਵਿਚ ਜ਼ੇਰੇ ਇਲਾਜ ਹਨ | ਸੂਤਰਾਂ ਅਨੁਸਾਰ ਸਾਹਿਬਦੀਪ ਸਿੰਘ ਤੇ ਉਸ ਦੇ ਸਾਥੀਆਂ ਨੂੰ ਹਸਪਤਾਲ ਵਿਚ ਲਿਜਾਣ ਵਿਚ ਵੀ ਕਾਫੀ ਦੇਰੀ ਹੋ ਗਈ ਸੀ | ਪੁਲਿਸ ਅਧਿਕਾਰੀਆਂ ਅਨੁਸਾਰ ਚਾਰੋਂ ਨੌਜਵਾਨ ਮੁਹਾਲੀ ਵਿਖੇ ਜਸ਼ਨ ਮਨਾਉਣ ਆਏ ਸਨ | ਪੁਲਿਸ ਦੋਵੇਂ ਵਾਹਨਾਂ ਨੂੰ ਕਬਜ਼ੇ ਵਿਚ ਲੈ ਚੁੱਕੀ ਹੈ | ਫਿਲਹਾਲ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਾਰਚੂਨਰ ਚਾਲਕ ਦੀ ਭਾਲ ਜਾਰੀ ਹੈ ਅਤੇ ਇਸ ਘਟਨਾ ਦੇ ਸਟੀਕ ਕਾਰਨਾਂ ਦੀ ਜਾਂਚ ਜਾਰੀ ਹੈ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ |