ਜ਼ੀਰਕਪੁਰ, 29 ਦਸੰਬਰ (ਮਨਿੰਦਰ ਸਿੰਘ)-ਜ਼ੀਰਕਪੁਰ ਪੁਲਿਸ ਨੂੰ ਭਬਾਤ ਖੇਤਰ 'ਚ ਇਕ ਥੋਕ ਵਿਕਰੇਤਾ ਦੀ ਦੁਕਾਨ ਤੋਂ ਨਕਲੀ ਪਨੀਰ ਤੇ ਘਿਓ ਸਪਲਾਈ ਹੋਣ ਦੀ ਸੂਚਨਾ ਮਿਲੀ ਸੀ | ਇਸ ਜਾਣਕਾਰੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੁਕਾਨ 'ਤੇ ਛਾਪਾ ਮਾਰਿਆ ਤੇ ਸਿਹਤ ਵਿਭਾਗ ਨੂੰ ਵੀ ਸੂਚਿਤ ਕੀਤਾ | ਇਸ ਦੌਰਾਨ ਸਿਹਤ ਵਿਭਾਗ ਦੀ ਟੀਮ ਮੌਕੇ 'ਤੇ ਪਹੁੰਚੀ ਤੇ ਦੁਕਾਨ 'ਚ ਸਟੋਰ ਕੀਤੀਆਂ ਖਾਣ-ਪੀਣ ਦੀਆਂ ਵਸਤਾਂ ਦੀ ਜਾਂਚ ਸ਼ੁਰੂ ਕਰ ਦਿੱਤੀ | ਇਸ ਜਾਂਚ ਦੌਰਾਨ ਟੀਮ ਨੂੰ ਵੱਡੀ ਮਾਤਰਾ ਵਿਚ ਸ਼ੱਕੀ ਖਾਣ-ਪੀਣ ਦੀਆਂ ਵਸਤਾਂ ਮਿਲੀਆਂ | ਇਸ ਮੌਕੇ ਅਧਿਕਾਰੀਆਂ ਨੇ ਲਗਪਗ 4 ਕੁਇੰਟਲ ਪਨੀਰ, 4 ਕੁਇੰਟਲ ਘਿਓ ਤੇ 6 ਕੁਇੰਟਲ ਦੁੱਧ ਬਰਾਮਦ ਕੀਤਾ | ਮੁੱਢਲੀ ਜਾਂਚ ਤੋਂ ਪਤਾ ਚਲਦਾ ਹੈ ਕਿ ਇਹ ਖਾਣ-ਪੀਣ ਦੀਆਂ ਵਸਤਾਂ ਮਿਲਾਵਟੀ ਹੋ ਸਕਦੀਆਂ ਹਨ, ਜਿਸ ਨਾਲ ਸਿਹਤ ਲਈ ਗੰਭੀਰ ਖ਼ਤਰਾ ਹੋ ਸਕਦਾ ਹੈ | ਇਸ ਦੌਰਾਨ ਫੂਡ ਸਪਲਾਈ ਅਧਿਕਾਰੀ ਨੂੰ ਵੀ ਮੌਕੇ 'ਤੇ ਬੁਲਾਇਆ ਅਤੇ ਪੂਰੇ ਸਟਾਕ ਦੀ ਜਾਂਚ ਕੀਤੀ ਗਈ ਅਤੇ ਸਿਹਤ ਵਿਭਾਗ ਦੀ ਟੀਮ ਨੇ ਪਨੀਰ, ਘਿਓ ਤੇ ਦੁੱਧ ਦੇ ਨਮੂਨੇ ਲੈ ਕੇ ਉਨ੍ਹਾਂ ਨੂੰ ਸੀਲ ਕਰ ਦਿੱਤਾ | ਸਾਰੇ ਨਮੂਨੇ ਅਗਲੇਰੀ ਜਾਂਚ ਲਈ ਫੋਰੈਂਸਿਕ ਸਾਇੰਸ ਲੈਬ ਨੂੰ ਭੇਜ ਦਿੱਤੇ ਗਏ ਹਨ | ਛਾਪੇਮਾਰੀ ਦੌਰਾਨ ਦੁਕਾਨ ਮਾਲਕ ਤੋਂ ਵੀ ਪੁੱਛਗਿੱਛ ਕੀਤੀ ਗਈ, ਹਾਲਾਂਕਿ ਇਸ ਸਮੇਂ ਕੋਈ ਗਿ੍ਫ਼ਤਾਰੀ ਨਹੀਂ ਹੋਈ ਹੈ | ਪੁਲਿਸ ਤੇ ਸਿਹਤ ਵਿਭਾਗ ਦੀ ਸਾਂਝੀ ਟੀਮ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ | ਇਸ ਮਾਮਲੇ ਸੰਬੰਧੀ ਏ. ਐਸ. ਪੀ. ਜ਼ੀਰਕਪੁਰ ਗਜ਼ਲਪ੍ਰੀਤ ਕੌਰ ਨੇ ਦੱਸਿਆ ਕਿ ਜ਼ਬਤ ਕੀਤੇ ਸਾਮਾਨ ਦੇ ਨਮੂਨੇ ਜਾਂਚ ਲਈ ਭੇਜ ਦਿੱਤੇ ਗਏ ਹਨ | ਉਨ੍ਹਾਂ ਕਿਹਾ ਕਿ ਐਫ਼. ਐਸ. ਐਲ. ਤੋਂ ਰਿਪੋਰਟ ਮਿਲਦੇ ਹੀ ਮੁਲਜ਼ਮਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਪੁਲਿਸ ਦਾ ਕਹਿਣਾ ਹੈ ਕਿ ਮਿਲਾਵਟੀ ਖਾਣ-ਪੀਣ ਵਾਲੀਆਂ ਚੀਜ਼ਾਂ ਵਿਰੁੱਧ ਮੁਹਿੰਮ ਜਾਰੀ ਰਹੇਗੀ |