ਜ਼ੀਰਕਪੁਰ, 29 ਦਸੰਬਰ (ਮਨਿੰਦਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਆਨਲਾਈਨ ਕਿ੍ਕਟ ਸੱਟੇਬਾਜ਼ੀ ਦੇ ਨਾਂਅ 'ਤੇ ਲੋਕਾਂ ਨਾਲ ਧੋਖਾਧੜੀ ਕਰਨ ਵਾਲੇ ਇਕ ਗਰੋਹ ਵਿਰੁੱਧ ਵੱਡੀ ਕਾਰਵਾਈ ਕਰਦਿਆਂ 8 ਮੁਲਜ਼ਮਾਂ ਖ਼ਿਲਾਫ਼ ਜੂਆ ਐਕਟ ਦੀ ਧਾਰਾ 3 ਤੇ 4 ਅਤੇ ਬੀ. ਐਨ. ਐਸ. ਦੀ ਧਾਰਾ 318(4) ਦੇ ਤਹਿਤ ਮਾਮਲਾ ਦਰਜ ਕੀਤਾ ਹੈ | ਇਨ੍ਹਾਂ ਮੁਲਜ਼ਮਾਂ ਦੀ ਪਛਾਣ ਹਿਮਾਂਸ਼ੂ ਕੁਮਾਰ, ਸੁਮਿਤ ਕੁਮਾਰ, ਰਾਜਨ, ਅਖਿਲੇਸ਼ ਯਾਦਵ, ਰਾਹੁਲ ਕੁਮਾਰ, ਵਿਨੋਦ ਕੁਮਾਰ, ਰਿਤਿਕ ਵਰਮਾ ਤੇ ਵਰਸਾਤ ਸਿੰਘ ਵਜੋਂ ਹੋਈ ਹੈ | ਇਸ ਮਾਮਲੇ ਸੰਬੰਧੀ ਏ. ਐਸ. ਆਈ. ਗੁਰਨਾਮ ਸਿੰਘ ਨੇ ਦੱਸਿਆ ਕਿ 26 ਦਸੰਬਰ ਨੂੰ ਉਹ ਪੁਲਿਸ ਪਾਰਟੀ ਨਾਲ ਗਸ਼ਤ ਕਰ ਰਹੇ ਸੀ | ਇਸ ਦੌਰਾਨ ਸ਼ਾਮ 4:30 ਵਜੇ ਦੇ ਕਰੀਬ ਜ਼ੀਰਕਪੁਰ ਦੇ ਪਟਿਆਲਾ ਚੌਕ ਨੇੜੇ ਇਕ ਮੁਖਬਰ ਨੇ ਸੂਚਨਾ ਦਿੱਤੀ ਕਿ ਸੁਸ਼ਮਾ ਗ੍ਰੈਂਡ ਦੇ ਫਲੈਟ ਨੰ. 1104 ਬਲਾਕ ਬੀ 11ਵੀਂ ਮੰਜ਼ਿਲ ਜ਼ੀਰਕਪੁਰ ਵਿਖੇ ਕੁਝ ਵਿਅਕਤੀ ਲੋਕਾਂ ਨੂੰ ਉੱਚ ਮੁਨਾਫ਼ੇ ਦਾ ਵਾਅਦਾ ਕਰਕੇ ਲਾਲਚ ਦਿੰਦੇ ਹਨ ਤੇ ਫਿਰ ਆਨਲਾਈਨ ਕਿ੍ਕਟ ਸੱਟੇਬਾਜ਼ੀ ਦੇ ਨਾਮ 'ਤੇ ਉਨ੍ਹਾਂ ਦੇ ਖਾਤਿਆਂ 'ਚ ਪੈਸੇ ਟਰਾਂਸਫਰ ਕਰਵਾ ਕੇ ਖੁਦ ਲੈ ਲੈਂਦੇ ਹਨ | ਉਨ੍ਹਾਂ ਦੱਸਿਆ ਕਿ ਇਸ ਸੂਚਨਾ 'ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਉਕਤ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਲਿਆ | ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਮੁਲਜ਼ਮਾਂ ਤੋਂ ਵੱਡੀ ਗਿਣਤੀ 'ਚ ਮੋਬਾਈਲ ਫੋਨ ਤੇ ਲੈਪਟਾਪ ਬਰਾਮਦ ਹੋਣ ਦੀ ਸੰਭਾਵਨਾ ਹੈ ਜੋ ਕਿ ਧੋਖਾਧੜੀ ਲਈ ਵਰਤੇ ਜਾ ਰਹੇ ਸਨ | ਉਨ੍ਹਾਂ ਦੱਸਿਆ ਕਿ ਸੀਨੀਅਰ ਅਧਿਕਾਰੀਆਂ ਨੂੰ ਮਾਮਲੇ ਸੰਬੰਧੀ ਜਾਣਕਾਰੀ ਦੇ ਦਿੱਤੀ ਗਈ ਹੈ ਤੇ ਹੋਰ ਜਾਂਚ ਜਾਰੀ ਹੈ |